ਸੁਪਰੀਮ ਕੋਰਟ ਦੇ ਇਨਕਾਰ ਤੋਂ ਬਾਅਦ ਪਰਮਬੀਰ ਸਿੰਘ ਹਾਈ ਕੋਰਟ ਪਹੁੰਚੇ, ਪਟੀਸ਼ਨ ਦਾਇਰ ਕੀਤੀ

ਮੁੰਬਈ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਬੰਬੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਵੀਰਵਾਰ ਨੂੰ ਹਾਈ ਕੋਰਟ ‘ਚ ਆਪਣੇ ਤਬਾਦਲੇ ਨੂੰ ਚੁਣੌਤੀ ਦਿੱਤੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ‘ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ। ਉਸ ਸਮੇਂ ਉਨ੍ਹਾਂ ਨੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਵਿਰੁੱਧ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਸੀਬੀਆਈ ਜਾਂਚ ਦੀ ਮੰਗ ਸਬੰਧੀ ਦਾਖਲ ਕੀਤੀ ਪਟੀਸ਼ਨ ‘ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ।
ਪਰਮਬੀਰ ਸਿੰਘ ਨੇ ਵੀਰਵਾਰ ਨੂੰ ਬੰਬੇ ਹਾਈ ਕੋਰਟ ‘ਚ ਪਟੀਸ਼ਨ ਦਾਖਲ ਕੀਤੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਹਾਨੂੰ ਹਾਈ ਕੋਰਟ ਜਾਣ ਦੀ ਆਜ਼ਾਦੀ ਦਿੱਤੀ ਜਾਂਦੀ ਹੈ। ਅਦਾਲਤ ਨੇ ਕਿਹਾ ਸੀ ਕਿ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਇਹ ਮਾਮਲਾ ‘ਬਹੁਤ ਗੰਭੀਰ’ ਹੈ, ਪਰ ਪਰਮਬੀਰ ਸਿੰਘ ਨੂੰ ਪਹਿਲਾਂ ਬੰਬੇ ਹਾਈ ਕੋਰਟ ਜਾਣਾ ਚਾਹੀਦਾ ਸੀ।
ਦੂਜੇ ਪਾਸੇ ਸੂਬੇ ਦੇ ਗ੍ਰਹਿ ਮੰਤਰੀ ਦੇਸ਼ਮੁਖ ਦਾ ਕਹਿਣਾ ਹੈ ਕਿ ਜੇਕਰ ਮੁੱਖ ਮੰਤਰੀ ਊਧਵ ਠਾਕਰੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਦੇ ਆਦੇਸ਼ ਦਿੰਦੇ ਹਨ ਤਾਂ ਉਹ ਇਸ ਦਾ ਸਵਾਗਤ ਕਰਨਗੇ। ਦੇਸ਼ਮੁਖ ਨੇ ਟਵੀਟ ਕੀਤਾ, “ਮੈਂ ਮਾਣਯੋਗ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਮੇਰੇ ਵਿਰੁੱਧ ਪਰਮਬੀਰ ਸਿੰਘ ਦੇ ਲਗਾਏ ਦੋਸ਼ਾਂ ਦੀ ਜਾਂਚ ਦੇ ਹੁਕਮ ਦੇਣ। ਜੇ ਮੁੱਖ ਮੰਤਰੀ ਜਾਂਚ ਦੇ ਆਦੇਸ਼ ਦਿੰਦੇ ਹਨ ਤਾਂ ਮੈਂ ਉਨ੍ਹਾਂ ਦਾ ਸਵਾਗਤ ਕਰਾਂਗਾ।”
ਜ਼ਿਕਰਯੋਗ ਹੈ ਕਿ ਪਰਮਬੀਰ ਸਿੰਘ ਨੇ ਪਿਛਲੇ ਹਫ਼ਤੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਇਕ ਚਿੱਠੀ ਲਿਖੀ ਸੀ, ਜਿਸ ‘ਚ ਦੇਸ਼ਮੁਖ ਉੱਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਸੀ। 8 ਪੰਨਿਆਂ ਦੀ ਭੇਜੀ ਇਸ ਚਿੱਠੀ ‘ਚ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਦੇਸ਼ਮੁਖ ਭ੍ਰਿਸ਼ਟਾਚਾਰ ‘ਚ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਇਹ ਇਲਜ਼ਾਮ ਉਸ ਸਮੇਂ ਲਗਾਏ ਗਏ ਸਨ ਜਦੋਂ ਇਕ ਦਿਨ ਪਹਿਲਾਂ ਦੇਸ਼ਮੁੱਖ ਨੇ ਕਿਹਾ ਸੀ ਕਿ ਪਰਮਬੀਰ ਸਿੰਘ ਨੂੰ ਮੁੰਬਈ ਦਾ ਪੁਲਿਸ ਕਮਿਸ਼ਨਰ ਹੋਣ ਕਰਕੇ ਮਾਮਲੇ ਦੀ ਜਾਂਚ ਤੋਂ ਹਟਾਇਆ ਗਿਆ ਹੈ, ਤਾ ਕਿ ਸਚਿਨ ਵਾਜੇ ਕੇਸ ਦੀ ਜਾਂਚ ਬਗੈਰ ਰੁਕਾਵਟ ਹੋ ਸਕੇ। ਹਾਲਾਂਕਿ ਹੁਣ ਤਕ ਦੇਸ਼ਮੁਖ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਉਹ ਸਾਬਕਾ ਪੁਲਿਸ ਕਮਿਸ਼ਨਰ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ।

Video Ad
Video Ad