ਸੁਪਰੀਮ ਕੋਰਟ ਵੱਲੋਂ ਮੁਖਤਾਰ ਅੰਸਾਰੀ ਨੂੰ ਯੂ.ਪੀ. ਪੁਲਿਸ ਦੇ ਸਪੁਰਦ ਕਰਨ ਦੇ ਹੁਕਮ

ਨਵੀਂ ਦਿੱਲੀ, ਹਮਦਰਦ ਨਿਊਜ਼ ਸਰਵਿਸ : ਸੁਪਰੀਮ ਕੋਰਟ ਨੇ ਅੱਜ ਕੈਪਟਨ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਗੈਂਗਸਟਰ ਅਤੇ ਬਸਪਾ ਦੇ ਵਿਧਾਇਕ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਯੂ.ਪੀ. ਤਬਦੀਲ ਕਰਨ ਦੇ ਹੁਕਮ ਦਿਤੇ। ਅਦਾਲਤ ਨੇ ਯੂ.ਪੀ. ਵਿਚ ਚੱਲ ਰਹੇ ਸਾਰੇ ਮਾਮਲੇ ਦਿੱਲੀ ਤਬਦੀਲ ਕਰਨ ਬਾਰੇ ਅੰਸਾਰੀ ਦੀ ਅਪੀਲ ਰੱਦ ਕਰ ਦਿਤੀ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਮੁਖਤਾਰ ਅੰਸਾਰੀ ਨੂੰ ਦੋ ਹਫ਼ਤੇ ਦੇ ਅੰਦਰ ਯੂ.ਪੀ. ਦੀ ਬਾਂਦਾ ਜੇਲ੍ਹ ਵਿਚ ਭੇਜਿਆ ਜਾਵੇ ਜਿਥੇ ਜੇਲ ਸੁਪਰਡੈਂਟ ਵੱਲੋਂ ਸਾਰੀਆਂ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸੁਪਰੀਮ ਕੋਰਟ ਨੇ ਬੀਤੀ 4 ਮਾਰਚ ਨੂੰ ਯੂ.ਪੀ. ਸਰਕਾਰ ਦੀ ਅਰਜ਼ੀ ’ਤੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਪੰਜਾਬ ਸਰਕਾਰ ਨੇ ਦਲੀਲ ਦਿਤੀ ਸੀ ਕਿ ਯੂ.ਪੀ. ਸਰਕਾਰ ਨੂੰ ਮੁਖਤਾਰ ਅੰਸਾਰੀ ਦੀ ਸਪੁਰਦਗੀ ਮੰਗਣ ਦਾ ਕੋਈ ਹੱਕ ਨਹੀਂ। ਦੂਜੇ ਪਾਸੇ ਯੂ.ਪੀ. ਸਰਕਾਰ ਵੱਲੋਂ ਪੇਸ਼ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਪੰਜਾਬ ਸਰਕਾਰ ’ਤੇ ਗ਼ੈਂਗਸਟਰ ਦਾ ਪੱਖ ਪੂਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਯੂ.ਪੀ. ਵਿਚ ਗੰਭੀਰ ਮਾਮਲੇ ਚੱਲ ਰਹੇ ਹੋਣ ਦੇ ਬਾਵਜੂਦ ਮੁਖਤਾਰ ਅੰਸਾਰੀ ਪੰਜਾਬ ਦੇ ਰੋਪੜ ਸ਼ਹਿਰ ਦੀ ਜੇਲ੍ਹ ਵਿਚ ਐਸ਼ਪ੍ਰਸਤੀ ਕਰ ਰਿਹਾ ਹੈ। ਦੱਸ ਦੇਈਏ ਕਿ ਜਬਰੀ ਵਸੂਲੀ ਦੇ ਮਾਮਲੇ ਵਿਚ ਪੰਜਾਬ ਪੁਲਿਸ ਮੁਖਤਾਰ ਅੰਸਾਰੀ ਨੂੰ ਪ੍ਰੋਡਕਸ਼ਨ ਵਾਰੰਟਾਂ ’ਤੇ ਇਥੇ ਲਿਆਈ ਸੀ ਪਰ ਬਾਅਦ ਵਿਚ ਯੂ.ਪੀ. ਪੁਲਿਸ ਦੇ ਸਪੁਰਦ ਕਰਨ ਤੋਂ ਇਨਕਾਰ ਕੀਤਾ ਜਾਣ ਲੱਗਾ। ਜਿਸ ਨੂੰ ਵੇਖਦਿਆਂ ਯੂ.ਪੀ. ਸਰਕਾਰ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ।

Video Ad
Video Ad