ਸੁਭੇਂਦੁ ਅਧਿਕਾਰੀ ਨਾ ਘਰ ਦਾ ਰਹੇਗਾ ਅਤੇ ਨਾ ਘਾਟ ਦਾ : ਮਮਤਾ ਬੈਨਰਜੀ

ਕੋਲਕਾਤਾ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ‘ਚ ਵੋਟਿੰਗ 1 ਅਪ੍ਰੈਲ ਨੂੰ ਹੋਵੇਗੀ। ਨੰਦੀਗ੍ਰਾਮ ਦੀ ਸੀਟ ਤ੍ਰਿਣਮੂਲ ਕਾਂਗਰਸ ਲਈ ਸਭ ਤੋਂ ਮਹੱਤਵਪੂਰਨ ਮੰਨੀ ਜਾ ਰਹੀ ਹੈ। ਪਾਰਟੀ ਨੇ ਇਸ ਸੀਟ ‘ਤੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਸੋਮਵਾਰ ਨੂੰ ਹੋਲੀ ਵਾਲੇ ਦਿਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੰਦੀਗ੍ਰਾਮ ‘ਚ ਇਕ ਵ੍ਹੀਲ ਚੇਅਰ ‘ਤੇ ਰੋਡ ਸ਼ੋਅ ਕੀਤਾ। ਉਨ੍ਹਾਂ ਦਾ ਰੋਡ ਸ਼ੋਅ ਖੁਦੀਰਾਮ ਮੋੜ ਤੋਂ ਸ਼ੁਰੂ ਹੋ ਕੇ ਨੰਦੀਗ੍ਰਾਮ ਦੇ ਬਲਾਕ-2 ‘ਚ ਠਾਕੁਰ ਚੌਕ ਤਕ ਕੀਤਾ ਗਿਆ।
ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਰੋਡ ਸ਼ੋਅ ‘ਚ ਮਮਤਾ ਬੈਨਰਜੀ ਨੇ 8 ਕਿਲੋਮੀਟਰ ਦਾ ਸਫ਼ਰ ਕੀਤਾ। ਇਸ ਦੌਰਾਨ ਉਹ ਇਕ ਵ੍ਹੀਲ ਚੇਅਰ ‘ਤੇ ਸਨ ਅਤੇ ਹੱਥ ਜੋੜ ਕੇ ਲੋਕਾਂ ਨੂੰ ਵਧਾਈ ਦੇ ਰਹੇ ਸਨ। ਰੋਡ ਸ਼ੋਅ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ ਕਿ ਬਹੁਤ ਜ਼ਿਆਦਾ ਲਾਲਚ ਕਰਨਾ ਚੰਗੀ ਗੱਲ ਨਹੀਂ ਹੈ। ਸੁਭੇਂਦੁ ਅਧਿਕਾਰੀ ਨਾ ਘਰ ਦਾ ਰਹੇਗਾ ਅਤੇ ਨਾ ਹੀ ਘਾਟ ਦਾ।
ਮਮਤਾ ਨੇ ਕਿਹਾ ਕਿ ਜੇ ਤੁਸੀਂ ਭਾਜਪਾ ਨੂੰ ਵੋਟ ਦਿੱਤੀ ਤਾਂ ਤੁਹਾਨੂੰ ਸੂਬੇ ‘ਚੋਂ ਬਾਹਰ ਕੱਢ ਦਿੱਤਾ ਜਾਵੇਗਾ। ਭਾਜਪਾ ਬਾਹਰੀ ਗੁੰਡਿਆਂ ਰਾਹੀਂ ਬੰਗਾਲ ‘ਚ ਸਭ ਕੁਝ ਹਾਸਲ ਕਰਨਾ ਚਾਹੁੰਦੀ ਹੈ। ਇੰਨਾ ਹੀ ਨਹੀਂ, ਉਹ ਬੰਗਾਲ ਦੀ ਹੋਂਦ ‘ਤੇ ਵੀ ਕਬਜ਼ਾ ਕਰ ਲੈਣਗੇ। ਜੇ ਤੁਸੀਂ ਤ੍ਰਿਣਮੂਲ ਨੂੰ ਵੋਟ ਦਿੰਦੇ ਹੋ ਤਾਂ ਤੁਹਾਡੇ ਘਰ ਦੇ ਦਰਵਾਜ਼ੇ ‘ਤੇ ਮੁਫ਼ਤ ਰਾਸ਼ਨ ਦਿੱਤਾ ਜਾਵੇਗਾ।
ਮਮਤਾ ਬੈਨਰਜੀ ਨੇ ਕਿਹਾ, “ਗੁੰਡਿਆਂ ਦੇ ਜ਼ੋਰ ‘ਤੇ ਨੰਦੀਗ੍ਰਾਮ ‘ਚ ਬੂਥ ਲੁੱਟਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਗੁੰਡਿਆਂ ਨੂੰ ਬਾਹਰੋਂ ਬੁਲਾਇਆ ਗਿਆ ਹੈ। ਉਨ੍ਹਾਂ ਨੂੰ ਹੋਟਲਾਂ ‘ਚ ਠਹਿਰਾਇਆ ਗਿਆ ਹੈ। ਜੇ ਉਨ੍ਹਾਂ ‘ਚ ਹਿੰਮਤ ਹੈ ਤਾਂ ਇਕ ਵੀ ਵੋਟ ਲੁੱਟ ਕੇ ਵਿਖਾਉਣ। ਮੈਂ ਮਾਵਾਂ ਤੇ ਭੈਣਾਂ ਨੂੰ ਕਹਿੰਦੀ ਹਾਂ ਕਿ ਜੇ ਉਹ ਵੋਟਾਂ ਲੁੱਟਣ ਲਈ ਆਉਣ ਤਾਂ ਤੁਸੀਂ ਹੱਥਾਂ ‘ਚ ਘੋਟਣੇ ਲੈ ਕੇ ਤਿਆਰ ਰਹੋ।”
ਉਨ੍ਹਾਂ ਕਿਹਾ, “ਮੈਂ ਟੁੱਟੀ ਹੋਈ ਲੱਤ ਨਾਲ ਮੀਟਿੰਗ ਕਰ ਰਹੀ ਹਾਂ। ਇਹ ਸਭ ਤੁਹਾਡੇ (ਸ਼ੁਭੇਂਦੁ ਅਧਿਕਾਰੀ) ਨਿਰਦੇਸ਼ਾਂ ‘ਤੇ ਹੋਇਆ ਹੈ। ਮੈਂ ਚਮਕਾਉਣ ‘ਤੇ ਚਮਕਦੀ ਹਾਂ। ਮੈਨੂੰ ਬਰਸਾਉਣ ‘ਤੇ ਮੈਂ ਬਰਸਦੀ ਹਾਂ। ਮੈਂ ਰਾਇਲ ਬੰਗਾਲ ਟਾਈਗਰ ਹਾਂ। ਮਰੇ ਹੋਏ ਸ਼ੇਰ ਨਾਲੋਂ ਵੱਧ ਖ਼ਤਰਨਾਕ ਜ਼ਖਮੀ ਸ਼ੇਰ ਹੁੰਦਾ ਹੈ। ਮੈਂ ਬੰਗਾਲ ‘ਚ ਕਿਸੇ ਵੀ ਥਾਂ ਤੋਂ ਖੜ੍ਹੀ ਹੋ ਕੇ ਜਿੱਤ ਸਕਦੀ ਹਾਂ, ਪਰ ਇਤਿਹਾਸ ਬਣਾਉਣ ਲਈ ਨੰਦੀਗ੍ਰਾਮ ਤੋਂ ਖੜ੍ਹੀ ਹੋਈ ਹਾਂ। ਅਗਲਾ ਮੁੱਖ ਮੰਤਰੀ ਨੰਦੀਗ੍ਰਾਮ ਤੋਂ ਹੋਵੇਗਾ।”
ਮਮਤਾ ਬੈਨਰਜੀ ਨੇ ਰੋਡ ਸ਼ੋਅ ਕਰਕੇ ਆਪਣੇ ਵਰਕਰਾਂ ‘ਚ ਜੋਸ਼ ਵਧਾਉਣ ਦੀ ਕੋਸ਼ਿਸ਼ ਕੀਤੀ। ਰੋਡ ਸ਼ੋਅ ‘ਚ ਸੈਂਕੜੇ ਸਥਾਨਕ ਲੋਕਾਂ ਅਤੇ ਪਾਰਟੀ ਵਰਕਰਾਂ ਨੇ ਹਿੱਸਾ ਲਿਆ ਅਤੇ ‘ਮਮਤਾ ਬੈਨਰਜੀ ਜ਼ਿੰਦਾਬਾਦ’ ਦੇ ਨਾਅਰੇ ਲਗਾਏ।
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ‘ਚ 8 ਗੇੜ ‘ਚ ਵੋਟਿੰਗ ਹੋਵੇਗੀ। 294 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਦਾ ਪਹਿਲਾ ਗੇੜ 27 ਮਾਰਚ (30 ਸੀਟਾਂ) ਨੂੰ ਹੋਇਆ ਸੀ। ਅਗਲੇ ਗੇੜ ‘ਚ 1 ਅਪ੍ਰੈਲ (30 ਸੀਟਾਂ), 6 ਅਪ੍ਰੈਲ (31 ਸੀਟਾਂ), ਅਪ੍ਰੈਲ 10 (44 ਸੀਟਾਂ), ਅਪ੍ਰੈਲ 17 (45 ਸੀਟਾਂ), 22 ਅਪ੍ਰੈਲ (43 ਸੀਟਾਂ), ਅਪ੍ਰੈਲ 26 (36 ਸੀਟਾਂ), 29 ਅਪ੍ਰੈਲ ( 35 ਸੀਟਾਂ) ਵੋਟਾਂ ਪੈਣੀਆਂ ਹਨ।

Video Ad
Video Ad