ਨਵੀਂ ਦਿੱਲੀ, 25 ਅਪ੍ਰੈਲ , ਹ.ਬ. : ਸੂਡਾਨ ’ਚ ਹਿੰਸਾ ’ਚ ਹੁਣ ਤੱਕ 427 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3700 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਵਿੱਚ ਖਾਰਤੂਮ ਵਿੱਚ ਮਿਸਰ ਦੇ ਦੂਤਾਵਾਸ ਦਾ ਇੱਕ ਅਧਿਕਾਰੀ ਵੀ ਸ਼ਾਮਲ ਹੈ, ਜੋ ਆਪਣੇ ਦਫ਼ਤਰ ਤੋਂ ਘਰ ਪਰਤਦੇ ਸਮੇਂ ਹਮਲੇ ਦੀ ਮਾਰ ਹੇਠ ਆ ਗਿਆ। ਹਿੰਸਾ ਪ੍ਰਭਾਵਿਤ ਸੂਡਾਨ ’ਚ ਦੋਵੇਂ ਜਨਰਲਾਂ ਨੇ 72 ਘੰਟੇ ਦੀ ਜੰਗਬੰਦੀ ’ਤੇ ਸਹਿਮਤੀ ਜਤਾਈ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਹ ਜਾਣਕਾਰੀ ਦਿੱਤੀ। ਇਹ ਜੰਗਬੰਦੀ ਲਗਭਗ 10 ਦਿਨਾਂ ਦੀ ਲੜਾਈ, ਸੈਂਕੜੇ ਮੌਤਾਂ ਅਤੇ ਵੱਡੀ ਗਿਣਤੀ ਵਿੱਚ ਵਿਦੇਸ਼ੀਆਂ ਦੇ ਪਲਾਇਨ ਤੋਂ ਬਾਅਦ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਧਿਰਾਂ ਵਿੱਚ ਗੋਲੀਬੰਦੀ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਅਸਫਲ ਰਹੀ ਸੀ। ਬਲਿੰਕਨ ਨੇ ਐਲਾਨ ਕੀਤਾ ਕਿ 48 ਘੰਟਿਆਂ ਦੀ ਗੱਲਬਾਤ ਤੋਂ ਬਾਅਦ, ਸੂਡਾਨ ਆਰਮਡ ਫੋਰਸਿਜ਼ ਅਤੇ ਰੈਪਿਡ ਸਪੋਰਟ ਫੋਰਸਿਜ਼ ਨੇ ਦੇਸ਼ ਵਿਆਪੀ ਜੰਗਬੰਦੀ ਲਈ ਸਹਿਮਤੀ ਦਿੱਤੀ ਹੈ। ਇਹ ਜੰਗਬੰਦੀ 24 ਅਪ੍ਰੈਲ ਦੀ ਅੱਧੀ ਰਾਤ ਤੋਂ ਸ਼ੁਰੂ ਹੋਵੇਗੀ ਅਤੇ ਅਗਲੇ 72 ਘੰਟਿਆਂ ਤੱਕ ਚੱਲੇਗੀ।