Home ਤਾਜ਼ਾ ਖਬਰਾਂ ਸੂਡਾਨ ਤੋਂ ਭਾਰਤੀਆਂ ਦਾ 10ਵਾਂ ਜੱਥਾ ਕੱਢਿਆ

ਸੂਡਾਨ ਤੋਂ ਭਾਰਤੀਆਂ ਦਾ 10ਵਾਂ ਜੱਥਾ ਕੱਢਿਆ

0

ਖਾਰਤੂਮ, 28 ਅਪ੍ਰੈਲ, ਹ.ਬ. : ਆਪਰੇਸ਼ਨ ਕਾਵੇਰੀ ਤਹਿਤ ਭਾਰਤੀਆਂ ਦਾ 10ਵਾਂ ਜੱਥਾ ਸੂਡਾਨ ਤੋਂ ਸਾਊਦੀ ਸ਼ਹਿਰ ਜੇਦਾਹ ਲਈ ਰਵਾਨਾ ਹੋ ਗਿਆ ਹੈ। ਇਸ ਬੈਚ ਵਿੱਚ 135 ਯਾਤਰੀ ਹਨ। ਦੱਸ ਦੇਈਏ ਕਿ ਸੂਡਾਨ ਦੀ ਫੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ ਵਿਚਾਲੇ 72 ਘੰਟੇ ਦੀ ਜੰਗਬੰਦੀ ਨੂੰ ਵਧਾਉਣ ਲਈ ਸਮਝੌਤਾ ਹੋਇਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਇੱਕ ਸੀ-130 ਜੇ ਜਹਾਜ਼ ਨੇ ਪੋਰਟ ਸੂਡਾਨ ਤੋਂ ਜੇਦਾਹ ਲਈ ਉਡਾਣ ਭਰੀ ਹੈ, ਜਿਸ ਵਿੱਚ ਭਾਰਤੀਆਂ ਦੇ 10ਵੇਂ ਬੈਚ ਦੇ 135 ਲੋਕ ਸਵਾਰ ਸਨ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਵੀ ਮੁਰਲੀਧਰਨ ਸੂਡਾਨ ਤੋਂ ਜੇਦਾਹ ਪਹੁੰਚਣ ਵਾਲੇ ਭਾਰਤੀਆਂ ਦਾ ਸਵਾਗਤ ਕਰਨ ਲਈ ਜੇਦਾਹ ਵਿੱਚ ਮੌਜੂਦ ਹਨ। ਵੀ ਮੁਰਲੀਧਰਨ ਨੇ ਇਸ ਤੋਂ ਪਹਿਲਾਂ ਆਪਣੇ ਇੱਕ ਟਵੀਟ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ ਜੇਦਾਹ ਹਵਾਈ ਅੱਡੇ ’ਤੇ ਭਾਰਤੀਆਂ ਦਾ ਅੱਠਵਾਂ ਜੱਥਾ ਪ੍ਰਾਪਤ ਕੀਤਾ ਹੈ। ਇਸ ਜੱਥੇ ਵਿੱਚ ਸੁਡਾਨ ਵਿੱਚ ਭਾਰਤੀ ਦੂਤਾਵਾਸ ਦੇ ਸਟਾਫ਼ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ, ਜਿਨ੍ਹਾਂ ਨੇ ਜੰਗ ਪ੍ਰਭਾਵਿਤ ਸੂਡਾਨ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਸੁੱਖ ਦਾ ਸਾਹ ਲਿਆ ਹੈ। ਸੁਡਾਨ ਵਿੱਚ ਲਗਭਗ ਤਿੰਨ ਹਜ਼ਾਰ ਭਾਰਤੀ ਰਹਿ ਰਹੇ ਸਨ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਭਾਰਤ ਦਾ ਆਪਰੇਸ਼ਨ ਕਾਵੇਰੀ ਸਫਲਤਾਪੂਰਵਕ ਪੂਰਾ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਸੂਡਾਨ ਵਿੱਚ ਤਿੰਨ ਦਿਨਾਂ ਦੀ ਜੰਗਬੰਦੀ ਚੱਲ ਰਹੀ ਸੀ, ਜਿਸ ਨੂੰ ਵੀਰਵਾਰ ਰਾਤ ਨੂੰ ਅਗਲੇ 72 ਘੰਟਿਆਂ ਲਈ ਫਿਰ ਤੋਂ ਵਧਾ ਦਿੱਤਾ ਗਿਆ ਹੈ।