ਨਵੀਂ ਦਿੱਲੀ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਸਾਬਕਾ ਕਾਨੂੰਨ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਦਿੱਲੀ ਦੀ ਸੈਸ਼ਨ ਆਦਲਤ ਨੇ ਵੱਡਾ ਝਟਕਾ ਦਿੱਤਾ ਹੈ। ਦਿੱਲੀ ਸੈਸ਼ਨ ਕੋਰਟ ਨੇ ਏਮਜ਼ ‘ਚ ਤਾਇਨਾਤ ਗਾਰਡਾਂ ਉੱਤੇ ਹੋਏ ਹਮਲੇ ਦੇ ਮਾਮਲੇ ‘ਚ ਵਿਧਾਇਕ ਨੂੰ ਦੋ ਸਾਲ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ, ਜਦਕਿ ਉਨ੍ਹਾਂ ਦੀ ਅਪੀਲ ਨੂੰ ਅੰਸ਼ਕ ਰੂਪ ‘ਚ ਖਾਰਜ ਕਰ ਦਿੱਤਾ। ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਸੋਮਨਾਥ ਭਾਰਤੀ ਨੂੰ ਤੁਰੰਤ ਨਿਆਂਇਕ ਹਿਰਾਸਤ ‘ਚ ਲੈ ਲਿਆ ਗਿਆ।
ਦਰਅਸਲ, ਭਾਰਤੀ ਨੂੰ ਦਿੱਲੀ ਦੀ ਰਾਊਸ ਐਵੇਨਿਊ ਕੋਰਟ ਦੀ ਮੈਜਿਸਟ੍ਰੇਟ ਕੋਰਟ ਨੇ 2 ਸਾਲ ਕੈਦ ਅਤੇ 1 ਲੱਖ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਵਿਧਾਇਕ ਨੇ ਇਸ ਫ਼ੈਸਲੇ ਨੂੰ ਸੈਸ਼ਨ ਅਦਾਲਤ ‘ਚ ਚੁਣੌਤੀ ਦਿੱਤੀ, ਜਿਸ ਦੀ ਅੱਜ ਸੁਣਵਾਈ ਹੋਈ।
ਦੱਸ ਦੇਈਏ ਕਿ ਸਤੰਬਰ 2016 ਨੂੰ ‘ਆਪ’ ਵਿਧਾਇਕ ਸੋਮਨਾਥ ਭਾਰਤੀ ਨੇ ਸੈਂਕੜੇ ਲੋਕਾਂ ਨਾਲ ਮਿਲ ਕੇ ਜੇ.ਸੀ.ਬੀ. ਨਾਲ ਏਮਜ਼ ਦੀ ਬਾਉਂਡਰੀ ਕੰਧ ਢਾਹ ਦਿੱਤੀ ਸੀ। ਉਸ ਸਮੇਂ ਸੋਮਨਾਥ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸੁਰੱਖਿਆ ਕਰਮਚਾਰੀਆਂ ਨੇ ਅਜਿਹਾ ਕਰਨ ਤੋਂ ਰੋਕਿਆ ਸੀ, ਜਿਸ ਮਗਰੋਂ ਸੁਰੱਖਿਆ ਕਰਮਚਾਰੀਆਂ ਦੀ ਕੁੱਟਮਾਰ ਕੀਤੀ ਗਈ ਸੀ। ਇਸ ਝੜਪ ‘ਚ ਕੁਝ ਸੁਰੱਖਿਆ ਕਰਮਚਾਰੀਆਂ ਨੂੰ ਸੱਟਾਂ ਵੀ ਲੱਗੀਆਂ ਸਨ।
ਅਦਾਲਤ ਨੇ ਵਿਧਾਇਕ ਨੂੰ ਧਾਰਾ 323, 353 ਅਤੇ 147 ਦੇ ਤਹਿਤ ਦੋਸ਼ੀ ਪਾਇਆ ਸੀ। ਏਮਜ਼ ਦੇ ਮੁੱਖ ਸੁਰੱਖਿਆ ਅਧਿਕਾਰੀ ਆਰ.ਐਸ. ਰਾਵਤ ਨੇ ਇਸ ਪੂਰੇ ਮਾਮਲੇ ‘ਚ 10 ਸਤੰਬਰ 2016 ਨੂੰ ਭਾਰਤੀ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਸੀ।

