ਸ੍ਰੀਲੰਕਾ ’ਚ ਮਨੁੱਖੀ ਅਧਿਕਾਰ ਉਲੰਘਣ ’ਤੇ ਯੂਐਨ ’ਚ ਪ੍ਰਸਤਾਵ ਪਾਸ

ਜਿਨੇਵਾ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਸ੍ਰੀਲੰਕਾ ਨੂੰ ਸੰਯੁਕਤ ਰਾਸ਼ਟਰ (ਯੂਐਨ) ਤੋਂ ਇੱਕ ਵੱਡਾ ਝਟਕਾ ਲੱਗਾ ਹੈ, ਕਿਉਂਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿੱਚ ਸ੍ਰੀਲੰਕਾ ਵਿਰੁੱਧ ਮਨੁੱਖੀ ਅਧਿਕਾਰ ਉਲੰਘਣ ਦਾ ਲਿਆਂਦਾ ਗਿਆ ਪ੍ਰਸਤਾਵ ਪਾਸ ਹੋ ਗਿਆ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ 47 ਮੈਂਬਰ ਦੇਸ਼ਾਂ ਵਿੱਚੋਂ 22 ਨੇ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ 11 ਦੇਸ਼ਾਂ ਨੇ ਇਸ ਦੇ ਵਿਰੋਧ ’ਚ ਵੋਟ ਪਾਈ, ਜਦਕਿ 14 ਦੇਸ਼ ਵੋਟਿੰਗ ਤੋਂ ਦੂਰ ਰਹੇ।
ਇਸ ਦੌਰਾਨ ਭਾਰਤ ਨੇ ਆਪਣੇ ਗੁਆਂਢੀ ਮੁਲਕ ਸ੍ਰੀਲੰਕਾ ਦਾ ਸਾਥ ਨਾ ਦਿੰਦੇ ਹੋਏ ਵੋਟਿੰਗ ਨਾ ਕਰਨ ਦਾ ਫ਼ੈਸਲਾ ਲਿਆ। ਉੱਧਰ ਚੀਨ ਅਤੇ ਪਾਕਿਸਤਾਨ ਨੇ ਸ੍ਰੀਲੰਕਾ ਦੇ ਪੱਖ ਵਿੱਚ ਵੋਟ ਪਾਈ। ਦਰਅਸਲ, ਵੋਟਿੰਗ ਤੋਂ ਕਾਫ਼ੀ ਦਿਨ ਪਹਿਲਾਂ ਸ੍ਰੀਲੰਕਾ ਨੇ ਭਾਰਤ ਨਾਲ ਸੰਪਰਕ ਕੀਤਾ ਸੀ ਅਤੇ ਪ੍ਰਸਤਾਵ ਵਿਰੁੱਧ ਵੋਟ ਪਾਉਣ ਦੀ ਅਪੀਲ ਕੀਤੀ ਸੀ। ਭਾਰਤ ਨੇ ਉਸ ਸਮੇਂ ਸ੍ਰੀਲੰਕਾ ਨੂੰ ਕੋਈ ਜਵਾਬ ਨਹੀਂ ਦਿੱਤਾ ਸੀ।
ਭਾਜਪਾ ਨੇਤਾ ਸੁਬ੍ਰਮਣੀਅਮ ਸਵਾਮੀ ਨੇ ਭਾਰਤ ਸਰਕਾਰ ਦੇ ਵੋਟਿੰਗ ਤੋਂ ਬਾਹਰ ਰਹਿਣ ਦੇ ਫ਼ੈਸਲੇ ਨੂੰ ਗ਼ਲਤ ਠਹਿਰਾਇਆ ਹੈ। ਸਵਾਮੀ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਮੋਦੀ ਸਰਕਾਰ ਨੂੰ ਵਿਸ਼ਵ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਇੱਕ ਕਿਤਾਬ ਲਿਖਣੀ ਚਾਹੀਦੀ ਹੈ। ਇਸ ਦਾ ਨਾਮ ਹੋਵੇਗਾ ‘ਕਿਵੇਂ ਆਪਣੇ ਦੋਸਤਾਂ ਨੂੰ ਗੁਆ ਕੇ ਦੁਸ਼ਮਣਾਂ ਨੂੰ ਅੱਗੇ ਵਧਾਈਏ’। ਦਰਅਸਲ, ਅਮਰੀਕੀ ਲੇਖਕ ਡੇਲ ਕਾਰਨੇਜੀ ਦੀ ਇੱਕ ਕਿਤਾਬ ਹੈ, ਜਿਸ ਦਾ ਨਾਮ ‘ਹਾਓ ਟੂ ਵਿਨ ਫਰੈਂਡ ਐਂਡ ਐਂਫਲੁਐਂਸ ਦਿ ਪੀਪਲ’ ਹੈ। ਸਵਾਮੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਕਿਤਾਬ ਇਸ ਦਾ ਜਵਾਬ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਨੇਪਾਲ, ਭੂਟਾਲ ਅਤੇ ਸ੍ਰੀਲੰਕਾ ਨੂੰ ਗੁਆ ਚੁੱਕੇ ਹਾਂ ਅਤੇ ਚੀਨ-ਪਾਕਿਸਤਾਨ ਨੂੰ ਹੱਲਾਸ਼ੇਰੀ ਦੇ ਰਹੇ ਹਾਂ।
ਸ੍ਰੀਲੰਕਾ ਵਿੱਚ ਮਨੁੱਖੀ ਅਧਿਕਾਰ ਦੇ ਮੁੱਦੇ ’ਤੇ ਭਾਰਤ ਸਰਕਾਰ ਵਿਚਾਲੇ ਦਾ ਰਾਹ ਅਪਣਾਏਗੀ, ਇਹ ਕਿਆਸ ਕਾਫ਼ੀ ਪਹਿਲਾਂ ਹੀ ਲਾਏ ਜਾ ਰਹੇ ਸਨ। ਦੱਖਣੀ ਭਾਰਤ ਦੇ ਲੋਕਾਂ ਲਈ ਸ੍ਰੀਲੰਕਾ ਦੇ ਤਮਿਲਾਂ ਦਾ ਮੁੱਦਾ ਕਾਫ਼ੀ ਮਾਇਨੇ ਰੱਖਦਾ ਹੈ ਅਤੇ ਤਮਿਲਨਾਡੂ ਵਿੱਚ ਵਿਧਾਨ ਸਭਾ ਚੋਣਾਂ ਵੀ ਨੇੜੇ ਆ ਰਹੀਆਂ ਹਨ।
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿੱਚ ਜੋ ਬਿਲ ਪਾਸ ਹੋਇਆ ਹੈ, ਉਸ ਵਿੱਚ ਸ੍ਰੀਲੰਕਾ ਦੇ ਤਮਿਲਾਂ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ ਵੀ ਸ਼ਾਮਲ ਸੀ। ਸ੍ਰੀਲੰਕਾ ਦੀ ਸਰਕਾਰ ਪ੍ਰਸਤਾਵ ਦੇ ਵਿਰੁੱਧ ਵੋਟ ਪਾਉਣ ਦੀ ਅਪੀਲ ਕਰ ਰਹੀ ਸੀ, ਪਰ ਤਮਿਲ ਨੈਸ਼ਨਲ ਅਲਾਇੰਸ ਇਸ ਦੇ ਪੱਖ ਵਿੱਚ ਵੋਟ ਪਾਉਣ ਦੀ ਮੰਗ ਕਰ ਰਿਹਾ ਸੀ। ਤਮਿਲ ਨੈਸ਼ਨਲ ਅਲਾਇੰਸ ਹੀ ਸ੍ਰੀਲੰਕਾ ਤਮਿਲਾਂ ਦੀ ਨੁਮਾਇੰਦਗੀ ਕਰ ਰਹੀ ਹੈ।

Video Ad
Video Ad