ਸੰਗੀਤ ਦੀ ਇਬਾਦਤ ਕਰਨ ਵਾਲਾ ਫਨ਼ਕਾਰ ‘ਸੋਨੂੰ ਵਿਰਕ’

ਸੁਰੀਲੇ ਤੇ ਅਲਬੇਲੇ ਫਨ਼ਕਾਰ ਸੋਨੂੰ ਵਿਰਕ ਦਾ ਜਨਮ ਜ਼ਿਲ੍ਹਾ ਪਟਿਆਲਾ ਅੰਦਰ ਆਉਂਦੇ ਪਿੰਡ ਬਘੌਰਾ ਵਿਖੇ ਪਿਤਾ ਵਿਰਸਾ ਸਿੰਘ‌ ਦੇ ਘਰ ਮਾਤਾ ਸੁਖਵੰਤ ਕੌਰ ਦੀ ਕੁੱਖੋਂ ਹੋਇਆ। ਸੋਨੂੰ ਨੇ ਆਪਣੀ‌ ਮੁੱਢਲੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਤੋਂ ਪ੍ਰਾਪਤ ਕੀਤੀ ਅਤੇ ਬੀ.ਏ ਗ੍ਰੈਜੂਏਸ਼ਨ ਮਹਿੰਦਰਾ ਕਾਲਜ ਪਟਿਆਲਾ ਵਿਖੇ ਕੀਤੀ। ਉਸ ਦਾ ਭਰਾ ਕਰਮਜੀਤ ਵਿਰਕ ਗਾਇਕ ਹੋਣ ਕਰਕੇ ਘਰ ‘ਚ ਸੰਗੀਤਕ ਮਾਹੌਲ ਬਣਿਆਂ ਰਹਿੰਦਾ ਸੀ ਜਿਸ ਕਰਕੇ ਸੋਨੂੰ‌ ਨੂੰ‌ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਪੈ ਗਿਆ। ਉਸ ਨੇ ਗਾਇਕੀ ਦੀ ਤਾਲੀਮ ਉਸਤਾਦ ਪੰਡਤ ਮੋਹਨ ਲਾਲ ਬੱਲੋ ਤੋਂ ਹਾਸਿਲ ਕੀਤੀ ਅਤੇ ਸਵਰਗਵਾਸੀ ਗਾਇਕ ਫਕੀਰ ਚੰਦ ਤੋਂ ਸੰਗੀਤ ਦੀਆਂ ਬਾਰੀਕੀਆਂ ਬਾਰੇ ਗਿਆਨ ਪ੍ਰਾਪਤ ਕੀਤਾ। ਸਕੂਲ ਅਤੇ ਕਾਲਜ ਵਿੱਚ ਹੋਣ ਵਾਲੇ ਫੰਕਸ਼ਨਾਂ ‘ਚ ਹਿੱਸਾ ਲੈ ਕੇ ਸੋਨੂੰ ਆਪਣੀ ਗਾਇਕੀ ਰਾਹੀਂ ਸਭਨਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਪਹਿਲੀ ਪਸੰਦ ਬਣਦਾ ਰਿਹਾ।
ਜੇਕਰ ਗੀਤਾਂ ਦੀ ਗੱਲ ਕਰੀਏ ਤਾਂ ਸੋਨੂੰ ਵਿਰਕ ਦੀ ਸਭ ਤੋਂ ਪਹਿਲੀ ਐਲਬਮ ਸ਼ੌਕੀਨ ਮੁੰਡੇ ਮਾਰਕਿਟ ਵਿੱਚ ਆਈ, ਜਿਸ ਨੂੰ ਸ੍ਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਐਲਬਮ ਦੇ ਸਾਰੇ ਗੀਤ ਸੁੱਪਰਹਿੱਟ ਹੋਏ ਜਿਸ ਨੇ ਸੋਨੂੰ ਦੀ ਵੱਖਰੀ ਪਹਿਚਾਣ ਬਣਾ ਦਿੱਤੀ। ਉਸ ਤੋਂ ਬਾਅਦ ਸੋਨੂੰ ਦੇ ਬਹੁਤ ਸਾਰੇ ਗੀਤ ਅਤੇ ਐਲਬਮ ਰਲੀਜ਼ ਹੋਈਆਂ ਜਿੰਨ੍ਹਾਂ‌ ਵਿੱਚੋਂ ਗੰਡਾਸੀ ਬੱਲੀਏ, ਬਾਈ ਨੱਚੀਏ, ਪੈਟਰੋਲ, ਅਸੀਂ ਜਦੋਂ ਦੇ ਸ਼ਰੀਫ ਹੋਏ, ਬੇਗਾਨੀ ਨਾਰ, ਧੰਨਵਾਦ ਵਿਚੋਲੇ ਦਾ, ਬਾਈ ਜੀ, ਸ਼ੌਕੀਨ ਮੁੰਡੇ ਆਦਿ ਕੁਝ ਯਾਦਗਾਰੀ ਸੁੱਪਰਹਿੱਟ ਹਨ।
ਗੱਲਬਾਤ ਦੌਰਾਨ ਸੋਨੂੰ ਨੇ ਦੱਸਿਆ ਕਿ ਉਸ ਨੇ ਹੁਣ‌ ਤੱਕ ਵਿਦੇਸ਼ਾਂ ਵਿੱਚ ਅਮਰੀਕਾ, ਸਵੀਡਨ, ਕੈਨੇਡਾ, ਨਿਊਜ਼ੀਲੈਂਡ, ਫਿਨਲੈਂਡ, ਬੈਲਜ਼ੀਅਮ, ਡੈਨਮਾਰਕ, ਇਟਲੀ, ਜਰਮਨ ਅਤੇ ਦੁਬੱਈ ਆਦਿ ‘ਚ ਆਪਣੀ ਗਾਇਕੀ ‘ਤੇ ਕਲਾ ਦਾ ਜ਼ੌਹਰ ਦਿਖਾਇਆ ਹੈ। ਜ਼ਿਕਰਯੋਗ ਹੈ ਕਿ ਸੋਨੂੰ ਵਿਰਕ ਸੁੱਪਰਹਿੱਟ ਗਾਇਕ ਹੋਇਆ ਹੈ ਪ੍ਰੰਤ ਉਸ ਵਿੱਚ ਕਿਸੇ ਵੀ ਪ੍ਰਕਾਰ ਦਾ ਗਰੂਰ ਨਹੀਂ ਹੈ। ਮਿਲਾਪੜੇ ਜਿਹੇ ਸੁਭਾਅ ਦਾ ਮਾਲਕ ਸੋਨੂੰ ਸਭਨਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ।
ਅਜੋਕੀ ਗਾਇਕੀ ਬਾਰੇ ਗੱਲਬਾਤ ਕਰਦਿਆਂ ਸੋਨੂੰ ਨੇ ਆਖਿਆ ਕਿ ਮੇਰੇ ਵੱਲੋਂ ਹਰ ਵੰਨਗੀ ਦੇ ਗੀਤ ਗਾਏ ਗਏ ਜੋ ਕਿ ਕਾਫ਼ੀ ਮਕਬੂਲ ਹੋਏ। ਪਰ ਉਸਨੇ ਕਦੇ ਅਜਿਹਾ ਨਹੀਂ ਗਾਇਆ ਜਿਸ ਨਾਲ ਸ੍ਰੋਤਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਅੰਤ ਵਿੱਚ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸੋਨੂੰ ਵਿਰਕ ਨੂੰ ਹਮੇਸ਼ਾ ਚੜ੍ਹਦੀਕਲਾ ‘ਚ ਰੱਖੇ।
– ਪੈਰੀ ਪਰਗਟ,
81461-02593

Video Ad
Video Ad