
ਅੰਮ੍ਰਿਤਸਰ, 15 ਫ਼ਰਵਰੀ, ਹ.ਬ. : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅੰਮ੍ਰਿਤਸਰ ਈਸਟ ਵਿਧਾਨ ਸਭਾ ਖੇਤਰ ਵਿਚ ਪੈਣ ਵਾਲੇ ਮੂਦਲ ਪਿੰਡ ਦੇ ਲੋਕਾਂ ਨੇ ਸੋਮਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਨੂੰ ਕਾਲੇ ਝੰਡੇ ਦਿਖਾਏ। ਪਿੰਡ ਵਿਚ ਅਪਣੇ ਪਤੀ ਲਈ ਪ੍ਰਚਾਰ ਕਰਨ ਪੁੱਜੀ ਨਵਜੋਤ ਕੌਰ ਦੇ ਸਾਹਮਣੇ ਪਿੰਡ ਵਾਸੀਆਂ ਨੇ ਸਿੱਧੂ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਦਾ ਵੀਡੀਓ ਵੀ ਸਾਹਮਣੇ ਆਇਆ।
ਨਵਜੋਤ ਸਿੱਧੂ ਨੇ ਦੋ ਦਿਨ ਪਹਿਲਾਂ ਹੀ ਮੂਦਲ ਪਿੰਡ ਵਿਚ ਰੈਲੀ ਦੌਰਾਨ ਪਿੰਡ ਦੇ ਸਰਪੰਚ ’ਤੇ ਟਿੱਪਣੀ ਕੀਤੀ ਸੀ। ਸਿੱਧੂ ਨੇ ਕਿਹਾ ਸੀ ਕਿ ਉਹ ਇਸ ਸਰਪੰਚ ਨੂੰ ਜਲੇਬੀ ਦੀ ਤਰ੍ਹਾਂ ਇਕੱਠਾ ਕਰ ਦੇਣਗੇ। ਸਿੱਧੂ ਦੀ ਇਸੇ ਟਿੱਪਣੀ ਤੋਂ ਬਾਅਦ ਮੂਦਲ ਪਿੰਡ ਦੇ ਲੋਕ ਨਵਜੋਤ ਕੌਰ ਸਿੱਧੂ ਦਾ ਵਿਰੋਧ ਕਰ ਰਹੇ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਮੂਦਲ ਪਿੰਡ ਵਿਚ ਅਪਣੇ ਪਤੀ ਦੇ ਲਈ ਪ੍ਰਚਾਰ ਕਰਨ ਪੁੱਜੀ ਸੀ। ਜਿਵੇਂ ਹੀ ਨਵਜੋਤ ਕੌਰ ਦੀ ਗੱਡੀ ਪਿੰਡ ਵਿਚ ਪੁੱਜੀ, ਉਥੇ ਪਹਿਲਾਂ ਤੋਂ ਮੌਜੂਦ ਲੋਕਾਂ ਨੇ ਸਿੱਧੂ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਲੋਕਾਂ ਨੇ ਨਵਜੋਤ ਕੌਰ ਨੂੰ ਕਾਲੇ ਝੰਡੇ ਵੀ ਦਿਖਾਏ। ਮੌਕੇ ’ਤੇ ਮੌਜੂਦ ਬੱਚਿਆਂ, ਬਜ਼ੁਰਗਾਂ ਅਤੇ ਮਹਿਲਾਵਾਂ ਨੇ ਨਵਜੋਤ ਕੌਰ ਨੂੰ ਵਾਪਸ ਜਾਣ ਲਈ ਕਿਹਾ। ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਨਵਜੋਤ ਕੌਰ ਸਿੱਧੂ ਗੱਡੀ ਵਿਚ ਬੈਠ ਕੇ ਪਰਤ ਗਈ।
ਨਵਜੋਤ ਸਿੱਧੂ ਦੁਆਰਾ ਅੰਮ੍ਰਿਤਸਰ ਨਾਰਥ ਵਿਧਾਨ ਸਭਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੂੰ ਕਾਲਾ ਬ੍ਰਾਹਮਣ ਕਹਿਣ ਅਤੇ ਮੂਦਲ ਪਿੰਡ ਦੇ ਸਰਪੰਚ ’ਤੇ ਟਿੱਪਣੀ ਕਰਨ ਦੇ ਵਿਰੋਧ ਵਿਚ ਬ੍ਰਾਹਮਣ ਸਮਾਜ ਵਿਚ ਉਨ੍ਹਾਂ ਦਾ ਬਾਇਕਾਟ ਕਰਨ ਦਾ ਐਲਾਨ ਕੀਤਾ ਹੈ। ਬੀਜੇਪੀ ਨੇ ਸਿੱਧੂ ਦੇ ਬਾਰੇ ਵਿਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜ ਕੇ ਕੇਸ ਦਰਜ ਕਰਨ ਦੀ ਮੰਗ ਕੀਤੀ। ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਵੀ ਚੋਣ ਕਮਿਸ਼ਨ ਨੂੰ ਉਨ੍ਹਾਂ ’ਤੇ ਐਕਸ਼ਨ ਲੈਣ ਦੀ ਮੰਗ ਕੀਤੀ।
ਮੂਦਲ ਪਿੰਡ ਵਿਚ ਨਾਅਰੇਬਾਜ਼ੀ ਤੋਂ ਬਾਅਦ ਬੈਰੰਗ ਪਰਤੀ ਨਵਜੋਤ ਕੌਰ ਸਿੱਧੂ ਜਦ ਅਪਣੇ ਪਤੀ ਅੰਮ੍ਰਿਤਸਰ ਈਸਟ ਸੀਟ ਦੇ ਸ਼ਹਿਰੀ ਖੇਤਰ ਵਿਚ ਪ੍ਰਚਾਰ ਕਰਨ ਪੁੱਜੀ ਤਾਂ ਉਥੇ ਵੀ ਇੱਕ ਮਹਿਲਾ ਨੇ ਉਨ੍ਹਾਂ ਖਰੀ ਖਰੀ ਸੁਣਾਈ। ਨਵਜੋਤ ਕੌਰ ਜਿਸ ਸਮੇਂ ਇਲਾਕੇ ਵਿਚ ਡੋਰ ਟੂ ਡੋਰ ਪ੍ਰਚਾਰ ਕਰ ਰਹੀ ਸੀ , ਉਸ ਸਮੇਂ ਮਹਿਲਾ ਨੇ ਉਨ੍ਹਾਂ ਰੋਕ ਲਿਆ ਅਤੇ ਕਿਹਾ ਕਿ ਹੁਣ ਤੁਸੀਂ ਵੋਟਾਂ ਮੰਗ ਰਹੇ ਹੋ, ਲੇਕਿਨ ਜਦੋਂ ਕਦੇ ਤੁਹਾਨੂੰ ਕੋਈ ਮਿਲਣ ਆਵੇ ਤਾਂ ਕੋਈ ਨਹੀਂ ਮਿਲਦਾ। ਜਦ ਨਵਜੋਤ ਕੌਰ ਨੇ ਉਸ ਮਹਿਲਾ ਨੂੰ ਕਿਹਾ ਕਿ ਇਲਾਕੇ ਦੇ ਕੌਂਸਲਰ ਉਨ੍ਹਾਂ ਮਿਲਵਾ ਦੇਣਗੇ ਤਾਂ ਮਹਿਲਾ ਨੇ ਪਲਟ ਕੇ ਕਿਹਾ ਕਿ ਉਸ ਨੂੰ ਤਾਂ ਕੌਂਸਲਰ ਵੀ ਨਹੀਂ ਮਿਲਦੇ। ਕਦੇ ਕਹਿੰਦੇ ਹਨ ਕਿ ਸਮਾਂ ਨਹੀਂ ਹੈ ਤੇ ਕਦੇ ਕਹਿੰਦੇ ਹਨ ਕਿ ਬਾਹਰ ਗਏ ਹਨ। ਇਸ ’ਤੇ ਨਵਜੋਤ ਕੌਰ ਨੇ ਮਹਿਲਾ ਦੀ ਗੱਲ ਨੂੰ ਹੱਸ ਕੇ ਟਾਲ ਦਿੱਤਾ ਅਤੇ ਕਿਹਾ ਕਿ ਉਹ ਚੋਣਾਂ ਵਿਚ ਵੋਟ ਜ਼ਰੂਰ ਦੇਣਾ।