ਹਿਸਾਰ ‘ਚ ਕਿਸਾਨਾਂ ਨੇ ਦੁਸ਼ਯੰਤ ਚੌਟਾਲਾ ਦਾ ਹੈਲੀਕਾਪਟਰ ਉਤਰਨ ਤੋਂ ਰੋਕਿਆ

ਹਿਸਾਰ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਵੱਲੋਂ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਧਰਨਾ ਜਾਰੀ ਹੈ। ਇਸ ਦੌਰਾਨ ਪੰਜਾਬ ਤੇ ਹਰਿਆਣਾ ‘ਚ ਰੋਜ਼ਾਨਾ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਘਟਨਾ ਹਰਿਆਣਾ ਦੇ ਹਿਸਾਰ ਜ਼ਿਲ੍ਹੇ ‘ਚ ਸੂਬੇ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਵਾਪਰੀ, ਜਦੋਂ ਕਿਸਾਨਾਂ ਦੇ ਭਾਰੀ ਵਿਰੋਧ ਕਾਰਨ ਉਨ੍ਹਾਂ ਨੂੰ ਹਿਸਾਰ ਹਵਾਈ ਅੱਡੇ ਤੋਂ ਹੀ ਅਪਣਾ ਹੈਲੀਕਾਪਟਰ ਵਾਪਸ ਲਿਜਾਣਾ ਪਿਆ।
ਦਰਅਸਲ ਕਿਸਾਨਾਂ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਆਉਣ ਵਾਲੇ ਹਨ ਤਾਂ ਉਹ ਵੱਡੀ ਗਿਣਤੀ ‘ਚ ਹਿਸਾਰ ਹਵਾਈ ਅੱਡੇ ਦੇ ਨੇੜੇ ਕਾਲੇ ਝੰਡੇ ਲੈ ਕੇ ਪਹੁੰਚ ਗਏ ਅਤੇ ਖੂਬ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੇ ਭਾਰੀ ਵਿਰੋਧ ਨੂੰ ਵੇਖਦਿਆਂ ਦੁਸ਼ਯੰਤ ਚੌਟਾਲਾ ਦੀ ਹਿੰਮਤ ਨਹੀਂ ਪਈ ਕਿ ਉਹ ਹੈਲੀਕਾਪਟਰ ਤੋਂ ਬਾਹਰ ਨਿਕਲ ਸਕਣ। ਕਾਫ਼ੀ ਸਮੇਂ ਤਕ ਉਹ ਹੈਲੀਕਾਪਟਰ ਦੇ ਅੰਦਰ ਹੀ ਬੈਠੇ ਰਹੇ ਅਤੇ ਆਖ਼ਰਕਾਰ ਉਨ੍ਹਾਂ ਨੂੰ ਅਪਣਾ ਹੈਲੀਕਾਪਟਰ ਵਾਪਸ ਲਿਜਾਣਾ ਪਿਆ। ਇਸ ਮਗਰੋਂ ਉਹ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਲਈ ਰਵਾਨਾ ਹੋ ਗਏ।
ਦੁਸ਼ਯੰਤ ਚੌਟਾਲਾ ਦੀ ਆਮਦ ਨੂੰ ਵੇਖਦਿਆਂ ਪੁਲਿਸ ਨੇ ਭਾਵੇਂ ਪਹਿਲਾਂ ਹੀ ਹਿਸਾਰ ਦੇ ਪਰਜਾਪਤੀ ਚੌਂਕ ‘ਤੇ ਬੈਰੀਕੇਡ ਲਗਾ ਕੇ ਰਸਤਾ ਰੋਕ ਦਿੱਤਾ ਸੀ, ਪਰ ਫਿਰ ਵੀ ਕਿਸਾਨ ਹਵਾਈ ਅੱਡੇ ਦੇ ਕਾਫ਼ੀ ਨੇੜੇ ਪੁੱਜ ਗਏ ਸਨ। ਇਸ ਦੌਰਾਨ ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਕਿਹਾ ਕਿ ਕਿਸਾਨਾਂ ਦੇ ਵਿਰੋਧ ਕਾਰਨ ਦੁਸ਼ਯੰਤ ਚੌਟਾਲਾ ਨੂੰ ਉਲਟੇ ਪੈਰੀਂ ਵਾਪਸ ਭੱਜਣਾ ਪਿਆ। ਉਨ੍ਹਾਂ ਕਿਹਾ ਕਿ ਜਦੋਂ ਤਕ ਦੁਸ਼ਯੰਤ ਚੌਟਾਲਾ ਖੱਟੜ ਸਰਕਾਰ ਤੋਂ ਅਪਣਾ ਸਮਰਥਨ ਵਾਪਸ ਨਹੀਂ ਲੈ ਲੈਂਦੇ, ਓਨਾ ਚਿਰ ਉਨ੍ਹਾਂ ਦਾ ਇਸੇ ਤਰ੍ਹਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੁਸ਼ਯੰਤ ਚੌਟਾਲਾ ਕਾਇਰ ਹੈ, ਜਦਕਿ ਤਾਊ ਦੇਵੀ ਲਾਲ ਇਕ ਬਹਾਦਰ ਇਨਸਾਨ ਸਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੱਡੀ ਗਿਣਤੀ ‘ਚ ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਹੈਲੀਕਾਪਟਰ ਵੀ ਉਤਰਨ ਤੋਂ ਰੋਕਿਆ ਸੀ ਅਤੇ ਸਮਾਗਮ ਵਾਲੀ ਥਾਂ ‘ਤੇ ਭੰਨਤੋੜ ਵੀ ਕੀਤੀ ਸੀ।

Video Ad
Video Ad