
ਹਿਸਾਰ, 18 ਮਾਰਚ, ਹ.ਬ. : ਹਿਸਾਰ ਦੇ ਆਦਮਪੁਰ ’ਚ ਕੋਹਲੀ ਪਿੰਡ ਨੇੜੇ ਚੱਲਦੀ ਸਕੂਲ ਬੱਸ ਨੂੰ ਅੱਗ ਲੱਗ ਗਈ। ਘਟਨਾ ਸਮੇਂ ਬੱਸ ਵਿੱਚ 40 ਸਕੂਲੀ ਬੱਚੇ ਸਵਾਰ ਸਨ। ਅੱਗ ਲੱਗਦੇ ਹੀ ਬੱਸ ਚਾਲਕ ਨੇ ਸਮਝਦਾਰੀ ਦਿਖਾਉਂਦੇ ਹੋਏ ਸਾਰੇ ਬੱਚਿਆਂ ਨੂੰ ਬਾਹਰ ਕੱਢ ਲਿਆ। ਇਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਦਸਵੀਂ ਦੀ ਪ੍ਰੀਖਿਆ ਸੀ। ਦੁਪਹਿਰ 2.30 ਵਜੇ ਦੇ ਕਰੀਬ 40 ਬੱਚੇ ਆਦਮਪੁਰ ਦੇ ਇੱਕ ਪ੍ਰੀਖਿਆ ਕੇਂਦਰ ਪੇਪਰ ਦੇਣ ਤੋਂ ਬਾਅਦ ਇੱਕ ਨਿੱਜੀ ਸਕੂਲ ਦੀ ਬੱਸ ਵਿੱਚ ਬੈਠ ਕੇ ਘਰ ਆ ਰਹੇ ਸਨ। ਇਸ ਦੌਰਾਨ ਜਦੋਂ ਬੱਸ ਪਿੰਡ ਕੋਹਲੀ ਕੋਲ ਪੁੱਜੀ ਤਾਂ ਡਰਾਈਵਰ ਦੇ ਗੇਅਰ ਬਦਲਦੇ ਹੀ ਚੰਗਿਆੜੀ ਨਿਕਲੀ ਅਤੇ ਅੱਗ ਲੱਗ ਗਈ, ਡਰਾਈਵਰ ਨੇ ਤੁਰੰਤ ਬੱਚਿਆਂ ਨੂੰ ਬਾਹਰ ਕੱਢ ਲਿਆ। ਜਿਵੇਂ ਹੀ ਬੱਚੇ ਬਾਹਰ ਆਏ ਤਾਂ ਪੂਰੀ ਬੱਸ ਸੜ ਕੇ ਸੁਆਹ ਹੋ ਗਈ। ਬੱਸ ਵਿੱਚ ਅੱਗ ਬੁਝਾਊ ਯੰਤਰ ਅਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ, ਜੋ ਸੜ ਕੇ ਸੁਆਹ ਹੋ ਗਏ।