ਹੁਣ ਜਾਨਵਰਾਂ ਨੂੰ ਵੀ ਦਿੱਤੀ ਜਾਵੇਗੀ ਕੋਰੋਨਾ ਵੈਕਸੀਨ ਦੀ ਖੁਰਾਕ

ਮਾਸਕੋ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦੇ ਲਗਭਗ ਸਾਰੇ ਮੁਲਕਾਂ ਵਿੱਚ ਫੈਲ ਚੁੱਕੀ ਕੋਵਿਡ-19 ਮਹਾਂਮਾਰੀ ਜਿੱਥੇ ਮਨੁੱਖਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ, ਉੱਥੇ ਜਾਨਵਰ ਵੀ ਇਸ ਤੋਂ ਨਹੀਂ ਬਚ ਸਕੇ। ਇਸ ਦੇ ਚਲਦਿਆਂ ਰੂਸ ਨੇ ਸਭ ਤੋਂ ਪਹਿਲਾਂ ਮੱਲ੍ਹ ਮਾਰਦੇ ਹੋਏ ਜਾਨਵਰਾਂ ਦੇ ਲਾਈ ਜਾਣ ਵਾਲੀ ਵੈਕਸੀਨ ਤਿਆਰ ਕੀਤੀ ਹੈ, ਜੋ ਉਨ੍ਹਾਂ ਨੂੰ ਕੋਵਿਡ-19 ਮਹਾਂਮਾਰੀ ਤੋਂ ਬਚਾਏਗੀ। ਮਨੁੱਖਾਂ ਲਈ ਵੀ ਰੂਸ ਨੇ ਹੀ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਤਿਆਰ ਕੀਤੀ ਸੀ।
ਰੂਸ ਦੀ ਖੇਤੀ ਮਾਮਲਿਆਂ ’ਤੇ ਨਜ਼ਰ ਰੱਖਣ ਵਾਲੀ ਸੰਸਥਾ ਰੋਜੇਲਖੋਨਾਜੋਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਸ ’ਚ ਪਹਿਲਾਂ ਹੀ ਮਨੁੱਖਾਂ ਲਈ ਕੋਰੋਨਾ ਵਾਇਰਸ ਦੇ ਤਿੰਨ ਟੀਕੇ ਉਪਲੱਬਧ ਹਨ, ਜਿਨ੍ਹਾਂ ਵਿਚੋਂ ਸਭ ਤੋਂ ਮਸ਼ਹੂਰ ਵੈਕਸੀਨ ਸਪੁਤਨਿਕ-ਵੀ ਹੈ। ਮਾਸਕੋ ਨੇ ਦੋ ਹੋਰ ਵੈਕਸੀਨ ਐਪੀਵੈਕਕੋਰੋਨਾ ਤੇ ਕੋਵੀਵੈਕ ਨੂੰ ਵੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ।
ਸੰਸਥਾ ਨੇ ਦੱਸਿਆ ਕਿ ਜਾਨਵਰਾਂ ਲਈ ਕੋਰੋਨਾ ਵੈਕਸੀਨ ਕਾਰਨੀਵੈਕ-ਕੋਵ ਰੋਜੇਲਖੋਨਾਜੋਰ ਦੀ ਹੀ ਇਕ ਇਕਾਈ ਵੱਲੋਂ ਵਿਕਸਤ ਕੀਤੀ ਗਈ ਹੈ। ਰੋਜੇਲਖੋਨਾਜੋਰ ਦੇ ਉਪ ਪ੍ਰਮੁੱਖ ਕੋਂਸਟੇਂਟਿਨ ਸਵੇਨਕੋਵ ਨੇ ਕਿਹਾ ਕਿ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਪਿਛਲੇ ਸਾਲ ਅਕਤੂਬਰ ’ਚ ਸ਼ੁਰੂ ਹੋਇਆ ਸੀ। ਇਸ ਵਿਚ ਕੁੱਤਿਆਂ, ਬਿੱਲੀਆਂ, ਆਰਕਟਿਕ ਲੋਮੜੀਆਂ, ਮਿੰਕ ਤੇ ਹੋਰ ਜਾਨਵਰਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਟ੍ਰਾਇਲ ਦੇ ਨਤੀਜੇ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਵੈਕਸੀਨ ਜਾਨਵਰਾਂ ਲਈ ਹਾਨੀ ਰਹਿਤ ਤੇ ਬੇਹੱਦ ਪ੍ਰਭਾਵਸ਼ਾਲੀ ਹੈ। ਜਿੰਨੇ ਜਾਨਵਰਾਂ ਨੂੰ ਟੀਕਾ ਲਗਾਇਆ ਗਿਆ ਸੀ, ਉਨ੍ਹਾਂ ਸਾਰਿਆਂ ਵਿਚ ਕੋਰੋਨਾ ਵਾਇਰਸ ਲਈ ਐਂਟੀਬਾਡੀ ਵਿਕਸਤ ਹੋਈ। ਜਾਨਵਰਾਂ ਵਿੱਚ ਛੇ ਮਹੀਨੇ ਇਸ ਵੈਕਸੀਨ ਦਾ ਅਸਰ ਰਹਿੰਦ ਹੈ। ਵੈਕਸੀਨ ਦਾ ਵੱਡੇ ਪੈਮਾਨੇ ’ਤੇ ਉਤਪਾਦਨ ਅਪ੍ਰੈਲ ’ਚ ਸ਼ੁਰੂ ਹੋ ਸਕਦਾ ਹੈ।

Video Ad
Video Ad