ਹੈਲਮੇਟ ਨਾ ਪਾਉਣ ‘ਤੇ ਟਰੱਕ ਡਰਾਈਵਰ ਦਾ ਕੱਟਿਆ 1000 ਰੁਪਏ ਦਾ ਚਲਾਨ

ਭੁਵਨੇਸ਼ਵਰ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਉੜੀਸਾ ਦੇ ਗੰਜਮ ‘ਚ ਟਰਾਂਸਪੋਰਟ ਵਿਭਾਗ ਦੀ ਲਾਪਰਵਾਹੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਇਕ ਡਰਾਈਵਰ ਦਾ ਬਗੈਰ ਹੈਲਮੇਟ ਪਹਿਨੇ ਟਰੱਕ ਚਲਾਉਣ ਲਈ 1000 ਰੁਪਏ ਦੇ ਚਲਾਨ ਕੱਟ ਦਿੱਤਾ। ਟਰਾਂਸਪੋਰਟ ਵਿਭਾਗ ਦੀ ਇਹ ਲਾਪਰਵਾਹੀ ਸੁਰਖੀਆਂ ‘ਚ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਪ੍ਰਮੋਦ ਕੁਮਾਰ ਨਾਮ ਦਾ ਇਕ ਟਰੱਕ ਡਰਾਈਵਰ ਜ਼ਿਲ੍ਹੇ ਦੇ ਟਰਾਂਸਪੋਰਟ ਵਿਭਾਗ ਦੇ ਦਫ਼ਤਰ ‘ਚ ਆਪਣੀ ਗੱਡੀ ਦਾ ਲਾਇਸੈਂਸ ਨਵਿਆਉਣ ਲਈ ਆਇਆ ਸੀ। ਇਸ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਗੱਡੀ ਨੰਬਰ OR-07W-4593 ਦਾ ਚਲਾਨ ਬਾਕੀ ਹੈ। ਪ੍ਰਮੋਦ ਇਹ ਸੁਣ ਕੇ ਹੈਰਾਨ ਰਹਿ ਗਿਆ ਅਤੇ ਉਸ ਨੇ ਪੁੱਛਿਆ ਕਿ ਇਹ ਚਲਾਨ ਕਿਉਂ ਕੱਟਿਆ ਗਿਆ ਹੈ? ਇਸ ‘ਤੇ ਅਧਿਕਾਰੀਆਂ ਨੇ ਪ੍ਰਮੋਦ ਨੂੰ ਦੱਸਿਆ ਕਿ ਉਸ ਦਾ 1000 ਰੁਪਏ ਦਾ ਚਲਾਨ ਬਗੈਰ ਹੈਲਮੇਟ ਪਾਏ ਡਰਾਈਵਿੰਗ ਕਰਨ ਲਈ ਕੱਟਿਆ ਗਿਆ ਹੈ।
ਇਸ ਦੌਰਾਨ ਹੈਰਾਨੀ ਦੀ ਗੱਲ ਇਹ ਸੀ ਕਿ ਜਿਸ ਗੱਡੀ OR-07W-4593 ਦਾ ਚਲਾਨ ਕੀਤਾ ਗਿਆ ਹੈ, ਉਹ ਟਰੱਕ ਦਾ ਨੰਬਰ ਹੈ। ਮਤਲਬ ਟਰੱਕ ਚਲਾਉਂਦੇ ਸਮੇਂ ਹੈਲਮਟ ਨਾ ਪਾਉਣ ਕਾਰਨ ਪ੍ਰਮੋਦ ਦਾ ਚਲਾਨ ਕੱਟਿਆ ਗਿਆ ਸੀ। ਇਸ ਮਗਰੋਂ ਪ੍ਰਮੋਦ ਨੇ ਟਰਾਂਸਪੋਰਟ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਚਲਾਨ ਤਾਂ ਟਰੱਕ ਦਾ ਕੱਟ ਦਿੱਤਾ ਹੈ, ਪਰ ਅਧਿਕਾਰੀਆਂ ਨੇ ਉਸ ਦੀ ਗੱਲ ਨਾ ਸੁਣੀ। ਇਸ ਤੋਂ ਬਾਅਦ ਉਸ ਨੂੰ ‘ਬਗੈਰ ਹੈਲਮੇਟ ਡਰਾਈਵਿੰਗ’ ਦਾ ਚਲਾਨ ਭਰਨਾ ਪਿਆ। ਇਸ ਤੋਂ ਬਾਅਦ ਹੀ ਉਸ ਦਾ ਪਰਮਿਟ ਰੀਨਿਊ ਕੀਤਾ ਗਿਆ।
ਇਸ ਮਾਮਲੇ ‘ਤੇ ਪ੍ਰਮੋਦ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਸਾਲ ਤੋਂ ਟਰੱਕ ਚਲਾ ਰਿਹਾ ਹੈ। ਉਹ ਟਰੱਕ ਤੋਂ ਪਾਣੀ ਦੀ ਸਪਲਾਈ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦਾ ਟਰੱਕ ਚਲਾਉਣ ਦੀ ਪਰਮਿਟ ਖ਼ਤਮ ਹੋ ਰਿਹਾ ਸੀ। ਇਸ ਲਈ ਉਹ ਇਸ ਨੂੰ ਰੀਨਿਊ ਕਰਵਾਉਣ ਲਈ ਆਰਟੀਓ ਦਫ਼ਤਰ ਗਿਆ ਸੀ, ਪਰ ਉੱਥੇ ਬਗੈਰ ਹੈਲਮੇਟ ਟਰੱਕ ਚਲਾਉਣ ਦਾ ਚਲਾਨ ਕੱਟਿਆ ਵੇਖ ਉਹ ਹੈਰਾਨ ਰਹਿ ਗਿਆ।
ਪ੍ਰਮੋਦ ਅਨੁਸਾਰ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਲਾਪਰਵਾਹੀ ਕਾਰਨ ਆਮ ਆਦਮੀ ਲਈ ਮੁਸ਼ਕਲ ਹੁੰਦੀ ਹੈ। ਉਸ ਨੇ ਕਿਹਾ ਕਿ ਪੁਲਿਸ ਅਧਿਕਾਰੀ ਵੀ ਪ੍ਰੇਸ਼ਾਨ ਕਰਦੇ ਹਨ ਅਤੇ ਗ਼ੈਰ-ਨੂੰਨੀ ਤਰੀਕੇ ਨਾਲ ਪੈਸੇ ਦੀ ਵਸੂਲੀ ਕਰਦੇ ਹਨ। ਪ੍ਰਮੋਦ ਨੇ ਕਿਹਾ ਕਿ ਮੈਨੂੰ ਆਪਣਾ ਪਰਮਿਟ ਤਾਂ ਰੀਨਿਊ ਕਰਵਾਉਣਾ ਹੀ ਸੀ, ਇਸੇ ਕਾਰਨ ਮਜਬੂਰੀ ‘ਚ ਚਲਾਨ ਭਰਨਾ ਪਿਆ।

Video Ad
Video Ad