Home ਅਮਰੀਕਾ ਅਮਰੀਕਾ ਵਿਚ ‘ਗੰਨ’ ਵਿਕਰੀ ਵਿੱਚ ਹੋਇਆ ਰਿਕਾਰਡ ਵਾਧਾ

ਅਮਰੀਕਾ ਵਿਚ ‘ਗੰਨ’ ਵਿਕਰੀ ਵਿੱਚ ਹੋਇਆ ਰਿਕਾਰਡ ਵਾਧਾ

0
ਅਮਰੀਕਾ ਵਿਚ ‘ਗੰਨ’ ਵਿਕਰੀ ਵਿੱਚ ਹੋਇਆ ਰਿਕਾਰਡ ਵਾਧਾ

ਸੈਕਰਾਮੈਂਟੋ 15 ਮਾਰਚ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਪਿਛਲੇ ਸਾਲ ‘ਗੰਨ’ ਵਿਕਰੀ ਵਿਚ ਰਿਕਾਰਡ ਵਾਧਾ ਹੋਇਆ ਹੈ। ਗਰੀਨਵਿਲੇ, ਦੱਖਣੀ ਕੈਰੋਲੀਨਾ ਵਿਚਲੇ ‘ਸਮਾਲ ਆਰਮਜ਼ ਐਨਾਲਿਟਿਕਸ’ ਅਨੁਸਾਰ 2020 ਵਿਚ 2.30 ਕਰੋੜ ਹੱਥਿਆਰਾਂ ਦੀ ਵਿਕਰੀ ਹੋਈ। 2019 ਦੀ ਤੁਲਨਾ ਵਿਚ ਇਹ ਵਿਕਰੀ 65% ਵਧ ਹੈ ਜਦੋਂ 1.39 ਕਰੋੜ ਹੱਥਿਆਰ ਵੇਚੇ ਗਏ ਸਨ। ਵਿਸ਼ਲੇਸ਼ਣਕਾਰਾਂ ਦਾ ਕਹਿਣਾ ਹੈ ਕਿ ਸਮਾਜਿਕ ਤੇ ਰਾਜਸੀ ਹਿੰਸਾ ਕਾਰਨ ਹਥਿਆਰਾਂ ਦੀ ਵਿਕਰੀ ਵਿਚ ਵਾਧਾ ਹੋਇਆ ਹੈ ਪਰ 2021 ਵਿਚ ਸੱਤਾ ਡੈਮੋਕਰੇਟਸ ਦੇ ਹੱਥਾਂ ਵਿਚ ਆਉਣ ਤੋਂ ਬਾਅਦ ਵੀ ਹੱਥਿਆਰਾਂ ਦੀ ਵਿਕਰੀ ਵਿਚ ਵਾਧਾ ਹੋਇਆ ਹੈ। ਜਨਵਰੀ 2021 ਵਿਚ ਐਫ ਬੀ ਆਈ ਨੇ ਹਥਿਆਰ ਖਰੀਦਣ ਦੇ ਚਾਹਵਾਨ 43 ਲੱਖ ਲੋਕਾਂ ਦੇ ਪਿਛੋਕੜ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ ਜਦ ਕਿ ਪਿਛਲੇ ਸਾਲ ਜਨਵਰੀ ਮਹੀਨੇ ਵਿਚ ਪਿਛੋਕੜ ਦੀ ਜਾਂਚ ਲਈ 27 ਲੱਖ ਬੇਨਤੀਆਂ ਆਈਆਂ ਸਨ। ਹਾਲਾਂ ਕਿ ਇਸ ਸਾਲ ਫਰਵਰੀ ਵਿਚ ਪਿਛੋਕੜ ਦੀ ਜਾਂਚ ਲਈ ਬੇਨਤੀਆਂ ਘਟ ਕੇ 34 ਲੱਖ ਰਹਿ ਗਈਆਂ ਹਨ ਪਰ ਫਿਰ ਵੀ ਇਹ ਫਰਵਰੀ 2020 ਦੀ ਤੁਲਨਾ ਵਿਚ 23% ਜਿਆਦਾ ਹਨ। 2020 ਵਿਚ ਜਾਰਜੀਆ ਵਿੱਚ 9,04,035 ਲੋਕਾਂ ਦੇ ਪਿਛੋਕੜ ਦੀ ਜਾਂਚ ਕੀਤੀ ਗਈ ਜੋ ਸਾਲ ਪਹਿਲਾਂ ਦੀ ਤੁਲਨਾ ਵਿਚ ਤਕਰੀਬਨ 68% ਵਧ ਹੈ। ਮਿਸ਼ੀਗਨ ਵਿਚ ਪਿਛਲੇ ਸਾਲ ਦੇ ਜਨਵਰੀ ਮਹੀਨੇ ਦੀ ਤੁਲਨਾ ਵਿਚ ਹਥਿਆਰ ਖਰੀਦਣ ਵਾਲੇ ਲੋਕਾਂ ਦੀ ਗਿਣਤੀ ਵਿਚ 155% ਦਾ ਵਾਧਾ ਹੋਇਆ। ਇਸ ਤਰਾਂ ਨਿਊਜਰਸੀ ਵਿਚ ਇਹ ਵਾਧਾ 240% ਦਰਜ ਹੋਇਆ ਹੈ। ਇਥੇ ਜਿਕਰਯੋਗ ਹੈ ਕਿ ਪਿਛੋਕੜ ਦੀ ਜਾਂਚ ਲਈ ਬੇਨਤੀਆਂ ਗੰਨ ਵਿਕ੍ਰੇਤਾਵਾਂ ਵੱਲੋਂ ਐਫ ਬੀ ਆਈ ਨੂੰ ਭੇਜੀਆਂ ਜਾਂਦੀਆਂ ਹਨ।