Home ਸਾਹਿਤਕ ਕੀ ਕਿਸਾਨ ਸੱਚੀ-ਮੁੱਚੀ ਮੋਦੀ ਸਰਕਾਰ ਦੇ ਕੁੱਝ ਨਹੀਂ ਲਗਦੇ ?

ਕੀ ਕਿਸਾਨ ਸੱਚੀ-ਮੁੱਚੀ ਮੋਦੀ ਸਰਕਾਰ ਦੇ ਕੁੱਝ ਨਹੀਂ ਲਗਦੇ ?

0
ਕੀ ਕਿਸਾਨ ਸੱਚੀ-ਮੁੱਚੀ ਮੋਦੀ ਸਰਕਾਰ ਦੇ ਕੁੱਝ ਨਹੀਂ ਲਗਦੇ ?

ਪਿਛਲੇ ਲਗਭਗ ਸਾਢੇ ਤਿੰਨ ਮਹੀਨਿਆਂ ਤੋਂ ਸਮੁੱਚੇ ਦੇਸ਼ ਵਿੱਚ ਚੱਲ ਰਿਹਾ ਕਿਰਸਾਣੀ ਦਾ ਸੰਘਰਸ਼ ਇੱਕ ਯੁੱਗ ਸੰਘਰਸ਼ ਬਣਦਾ ਜਾ ਹੈ। ਇਸ ਸੰਘਰਸ਼ ਨੇ ਹਰ ਉਸ ਭਾਰਤੀ ਖਾਸ ਕਰਕੇ ਪੰਜਾਬੀ ਦਾ ਦਿਲ ਟੂੰਬਿਆ ਹੈ ਜਿਸ ਨੂੰ ਧਰਤੀ ਮਾਂ ਦੇ ਕਰਜ਼ ਦਾ ਫ਼ਿਕਰ ਹੈ। ਜਿਸ ਨੂੰ ਫ਼ਿਕਰ ਹੈ ਕਿ ਕਿਸੇ ਦਿਨ ਇੱਕ-ਇੱਕ ਦਾਣੇ ਦਾ ਲੇਖਾ-ਜੋਖਾ ਦਾਤੇ ਦੇ ਦਰਬਾਰ ਦੇਣਾ ਪਵੇਗਾ, ਜਿਸ ਨੂੰ ਫ਼ਿਕਰ ਹੈ ਕਿ ਕਣਕ ਚੌਲ ਦੀ ਕੋਈ ਜਾਤ ਨਹੀਂ ਹੁੰਦੀ ਅਤੇ ਗੁੜ ਦਾ ਗੋਤ ਨਹੀਂ ਹੁੰਦਾ। ਸਗੋਂ ਇਨ੍ਹਾਂ ਰੱਬੀ ਦਾਤਾਂ ਨੂੰ ਆਮ ਖਲਕਤ ਲਈ ਮੁਹੱਈਆ ਕਰਨ ਵਾਸਤੇ ਕੁਦਰਤ ਨੇ ਕਿਸਾਨ ਨੂੰ ਆਪਣੀ ਬਖ਼ਸ਼ਿਸ਼ ਨਾਲ ਨਿਵਾਜਿਆ ਹੁੰਦਾ ਹੈ। ਆਖਰ ਨੂੰ ਮਨੁੱਖੀ ਜੀਵਨ ਕਰਮਾਂ ਸੰਦੜਾ ਖੇਤ ਹੀ ਤਾਂ ਹੈ।
ਮੌਜੂਦਾ  ਚੱਲ ਰਹੇ ਕਿਸਾਨੀ ਸੰਘਰਸ਼ ਦੀ ਜੜ ਇਸ ਫ਼ਿਕਰ ਵਿੱਚ ਲੁਕੀ ਹੋਈ ਹੈ ਕਿ ਸਮੇਂ ਦੇ ਹਾਕਮ ਖੁਦ ਨੂੰ ਦਾਤਾ ਸਮਝ ਕਿਸਾਨ ਨੂੰ ਪੈਰਾਂ ਥੱਲੇ ਰੋਲਣ ਦੀ ਗੁਸਤਾਖ਼ੀ ਕਰਨ ਵਿੱਚ ਮਾਣ ਮਹਿਸੂਸ ਕਰ ਰਹੇ ਹਨ। ਬੇਸ਼ੱਕ ਇਸ ਅੰਦੋਲਨ ਵਿੱਚ ਪੰਜਾਬੀ ਕਿਸਾਨ ਮੋਹਰੀ ਰੋਲ ਅਦਾ ਕਰ ਰਹੇ ਹਨ, ਪਰ ਇਹ ਸੰਘਰਸ਼ ਸਿਰਫ਼ ਪੰਜਾਬੀ ਜਦੋ ਜਹਿਦ ਨਹੀਂ। ਇਹ ਸੰਘਰਸ਼ ਤਾਂ ਵਿਸ਼ਵ ਦੇ ਹਰ ਖਿੱਤੇ ਵਿੱਚ ਆਪਣੇ ਹੱਕ ਸੱਚ ਲਈ ਜੂਝਣ ਵਾਲੇ ਮਨੁੱਖ ਦੀ ਜਦੋਜਹਿਦ ਦਾ ਪ੍ਰਤੀਕ ਹੈ।
ਇਸ ਦਰਦ ਦੀ ਮਾਰਮਿਕਤਾ ਅਤੇ ਵਿਸ਼ਾਲਤਾ ਨੂੰ ਆਮ ਕਲਮ ਦੁਆਰਾ ਲੱਖਾਂ ਹਜ਼ਾਰਾਂ ਸ਼ਬਦਾਂ ਵਿੱਚ ਵੀ ਪਰੋਇਆ ਨਹੀਂ ਜਾ ਸਕਦਾ, ਕੈਨੇਡਾ ਵਿੱਚ ਯੂਕੋਨ ਤੋਂ ਲੈ ਕੇ ਵਿਕਟੋਰੀਆ, ਸਰੀ ਤੋਂ ਬਰੈਂਪਟਨ ਅਤੇ ਹੈਲੀਫੈਕਸ ਤੋਂ ਓਟਾਵਾ ਤੱਕ ਕਿਸਾਨੀ ਦਰਦ ਤੋਂ ਪੀੜਤ ਭਾਰਤੀ ਮੂਲ ਦੇ ਲੋਕ ਕਿਉਂ ਸੜਕਾਂ ਉੱਤੇ ਉੱਤਰੇ ਹੋਏ ਹਨ। ਇਨ੍ਹਾਂ ‘ਚ ਅੰਤਰਰਾਸ਼ਟਰੀ ਵਿੱਦਿਆਰਥੀ, ਨਵੇਂ ਆਏ ਪਰਵਾਸੀ, ਸਿਆਸਤਦਾਨ ਅਤੇ ਕਲਾਵਾਂ ਨਾਲ ਜੁੜੇ ਸੰਵੇਦਨਸ਼ੀਲ ਕਲਾਕਾਰ ਲੋਕ ਸ਼ਾਮਲ ਹਨ। ਸੱਭਨਾਂ ਦਾ ਦਰਦ ਅੰਨਦਾਤਾ ਦੇ ਦੁੱਖ ਨੂੰ ਨਾ ਸਮਝਣ ਦੀ ਬੇਵਕੂਫੀ ਨੂੰ ਲੈ ਕੇ ਹੈ।
ਮੋਦੀ ਸਰਕਾਰ ਵੱਲੋਂ ਤਿੰਨ ਕਨੂੰਨ ਇਹੋ ਜਿਹੇ ਬਣਾ ਕੇ ਰੱਖ ਦਿਤੇ ਹਨ, ਜਿਸ ਨਾਲ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਹੈ। ਜ਼ਮੀਨ ਨਾਲ ਜੁੜੇ ਲੋਕ ਇਹ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਜਿਸ ਕਰਕੇ  ਅੱਜ ਉੱਠੀ ਲਹਿਰ ਸਮੇਂ ਦੀ ਸਰਕਾਰ ਨੂੰ ਹਲੂਣਾ ਦੇਣ ਲਈ ਸੜਕਾਂ ਉਤੇ ਬੈਠ ਕੇ ਸ਼ਾਂਤ ਮਈ ਸੰਘਰਸ ਕਰ ਰਹੀ ਹੈ। ਕਿਸੇ ਵੇਲੇ ਕਰਤਾਰ ਸਿੰਘ ਸਰਾਭਾ ਵੀ ਨੌਰਥ ਅਮਰੀਕਾ ਵਿੱਚ ਪੜਨ ਅਤੇ ਰੁਜ਼ਗਾਰ ਕਰਨ ਆਇਆ ਸੀ ਪਰ ਪਰਤਿਆ ਸੀ ਇੱਕ ਪੂਰੇ ਦਾ ਪੂਰਾ ਅੰਦੋਲਨ ਵਾਪਸ ਲੈ ਕੇ। ਇਹ ਸੰਭਾਵਨਾ ਤੋਂ ਕਿਵੇਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਅੱਜ ਕੋਈ ਸਰਾਭਾ ਮੁੜ ਖੜਾ ਨਹੀਂ ਹੋਵੇਗਾ?
ਭਾਰਤੀ ਕਿਸਾਨਾਂ ਦੀ ਆਵਾਜ਼ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੰਜ਼ਰਵੇਟਿਵ ਲੀਡਰ ਐਰਿਨ ਓ ਟੂਲਜ਼ ਤੋਂ ਲੈ ਕੇ ਐਨਡੀਪੀ ਆਗੂ ਜਗਮੀਤ ਸਿੰਘ, ਉਂਟੇਰੀਓ ਐਨਡੀਪੀ ਆਗੂ ਐਂਡਰੀਆ ਹਾਵਰਥ ਸਮੇਤ ਅਨੇਕਾਂ ਐਮ.ਪੀਆਂ ਅਤੇ ਐਮ.ਪੀ.ਪੀਆਂ ਨੇ ਹੱਕ ਸੱਚ ਦੀ ਆਵਾਜ਼ ਗਰਦਾਨਿਆ ਹੈ ਅਤੇ ਉਨ੍ਹਾਂ ਦੇ ਸੰਘਰਸ਼ ਕਰਨ ਦੇ ਹੱਕ ਨੂੰ ਸਹੀ ਕਰਾਰ ਦਿੱਤਾ ਹੈ। ਇਵੇਂ ਹੀ ਆਸਟਰੇਲੀਆ, ਇੰਗਲੈਂਡ, ਅਮਰੀਕਾ, ਜਰਮਨੀ ਆਦਿ ਤੋਂ ਇਸ ਸੰਘਰਸ਼ ਦੇ ਹੱਕ ਵਿੱਚ ਬੋਲ ਉੱਠੇ ਹਨ। ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਭਾਰਤੀ ਹੁਕਮਰਾਨਾਂ ਨੂੰ ਅੰਤਰਰਾਸ਼ਟਰੀ ਸਲਾਹਾਂ ਸੁਖਾਉਣ ਵਾਲੀਆਂ ਹਨ।
ਪਰ ਜੇ ਉਨ੍ਹਾਂ ਨੇ ਬਾਹਰਲੀਆਂ ਸਲਾਹਾਂ ਨੂੰ ਨਹੀਂ ਮੰਨਣਾ ਤਾਂ ਅੰਤਰਝਾਤੀ ਮਾਰਨ ਦਾ ਕਸ਼ਟ ਤਾਂ ਕਰ ਹੀ ਸਕਦੇ ਹਨ। ਭਾਰਤੀ ਸੰਸਕ੍ਰਿਤੀ ਵਿੱਚ ਮੌਕੇ ਦੇ ਹੁਕਮਰਾਨ ਨੂੰ ‘ਰਾਜ ਧਰਮ’ ਨਿਭਾਉਣ ਦੀ ਤਾਕੀਦ ਕੀਤੀ ਗਈ ਹੈ। ਰਾਜ ਧਰਮ ਤੋਂ ਅਰਥ ਹੈ ਕਿ ਹੁਕਮਰਾਨ ਇੱਕ ਮਨ ਹੋ ਕੇ ਪਰਜਾ ਦੀ ਸੇਵਾ ਕਰੇ ਨਾ ਕਿ ਧਰਮ, ਜਾਤ, ਨਸਲ ਦੇ ਆਧਾਰ ਉੱਤੇ ਰਾਜਨੀਤੀ। ਅੱਜ ਦੇ ਹੁਕਮਰਾਨ ਆਪਣੇ ਪੁਰਖਿਆਂ ਦੇ ਲਾਮਿਸਾਲ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਕਿਸਾਨਾਂ ਨੂੰ ਸਿੱਖ, ਹਿੰਦੂ ਜਾਂ ਮੁਸਲਮਾਨ ਦੇ ਸੌੜੇ ਚਸ਼ਮੇ ਨਾਲ ਵੇਖਣ ਨੂੰ ਰਾਜ ਧਰਮ ਸਮਝ ਰਹੇ ਹਨ।
ਕਿਸਾਨੀ ਦੇ ਹੱਕ ਵਿੱਚ ਖੜਨ ਵਾਲੀ ਹਰ ਧਿਰ ਲਈ ਜਰੂਰੀ ਹੈ ਕਿ ਕਿਸਾਨੀ ਅੰਦੋਲਨ ਨੂੰ ਕਿਰਤ ਦੇ ਸਨਮਾਨ ਵਜੋਂ ਉਭਾਰਿਆ ਜਾਵੇ। ਸੋ ਮਨੁੱਖੀ ਜੀਵਨ ਦੇ ਵਿਗਸਣ ਵਿੱਚ ਸਹਾਇਕ ਹੋਣ ਵਾਲੇ ਕਿਸਾਨ ਦੀ ਗੱਲ ਕਿਰਤ ਦੀ ਗੱਲ ਹੈ, ਧਰਮ ਦੀ ਗੱਲ ਹੈ। ਜਦੋਂ ਗੱਲ ਬਾਬਾ ਨਾਨਕ ਦੀ ਆਉਂਦੀ ਹੈ ਤਾਂ ਉਨ੍ਹਾਂ ਨੇ ਸਰਬ ਸਾਂਝੀਵਾਲਤਾ ਨਾਲ ਲੈਸ ਨਵੇਂ ਨਿਵੇਕਲੇ ਧਾਰਮਿਕ ਫਲਸਫੇ ਨੂੰ ਹੀ ਜਨਮ ਨਹੀਂ ਦਿੱਤਾ ਸਗੋਂ ਇੱਕ ਅਜਿਹੀ ਕਿਸਾਨੀ ਮੁਹਿੰਮ ਦਾ ਮੁੱਢ ਬੱਝਿਆ, ਜਿਸ ਨੇ ਵੈਸ਼ਵਿਕ ਅੰਨ ਨਿਰਭਰਤਾ ਵਿੱਚ ਲਾਮਿਸਾਲ ਯੋਗਦਾਨ ਪਾਇਆ।
ਸੂਰਜ ਪ੍ਰਕਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਨਾਲ ਦਰਜ਼ ਹੈ, “ਜੱਟ ਪੰਜਾਲੀ ਚੱਕ, ਗੁਰੂ ਕਾ ਹੱਕ, ਕਮਾਇ ਕੇ ਛੱਕ।” ਬੰਦਾ ਸਿੰਘ ਬਹਾਦਰ ਦਾ ਗੁਰੂ ਸਾਹਿਬ ਤੋਂ ਥਾਪੜਾ ਲੈ ਕੇ ਨਾਦੇੜ ਤੋਂ ਦਿੱਲੀ ਬਰਾਸਤਾ ਪੰਜਾਬ ਆਉਣਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵਜ਼ੀਰ ਖਾਨ ਤੋਂ ਬਦਲਾ ਲੈਣ ਦੇ ਨਾਲ ਨਾਲ ਪੰਜਾਬ ਵਿੱਚ ਜਾਗਰੀਦਾਰੀ ਪ੍ਰਥਾ ਨੂੰ ਖਤਮ ਕਰਨ ਦਾ ਆਧਾਰ ਬਣਿਆ।
ਅੱਜ ਜੋ ਕਿਸਾਨ ਦਿੱਲੀ ਬੈਠੇ ਹਨ, ਉਹ ਵੱਡੀਆਂ ਜਾਗਰੀਦਾਰੀ ਜੋਕਾਂ ਨਹੀਂ ਸਗੋਂ ਉਹ ਛੋਟੇ ਕਿਸਾਨ ਹਨ ਜਿਹਨਾਂ ਦੇ ਪਿਤਰ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਜਾਗਰੀਦਾਰੀ ਜਕੜ ਵਿੱਚੋਂ ਅਜ਼ਾਦ ਹੋਏ ਸਨ।ਕਿਸਾਨ ਹੋਣਾ ਜੱਟ ਹੋਣਾ ਨਹੀਂ ਸਗੋਂ ਕਿਰਤੀ ਹੋਣਾ ਹੈ। ਕਿਸਾਨ ਹੋਣਾ ਹੈਂਕੜ ਨਹੀਂ ਸਗੋਂ ਧਰਤੀ ਦਾ ਪੁੱਤਰ ਹੋਣਾ ਹੈ। ਕਿਸਾਨ ਬਣਨਾ ਕਾਬਜੀ ਬਿਰਤੀ ਦਾ ਮਾਲਕ ਹੋਣਾ ਨਹੀਂ ਸਗੋਂ ਵੰਡ ਛੱਕਣ ਦੇ ਨਾਅਰੇ ਉੱਤੇ ਪਹਿਰਾ ਦੇਣ ਦਾ ਵਾਰਸ ਬਣਨਾ ਹੈ।
ਕਿਸਾਨੀ ਨੂੰ ਕਿਸੇ ਧਰਮ, ਜਾਤ ਜਾਂ ਨਸਲ ਦੇ ਦਾਇਰੇ ਵਿੱਚ ਕੈਦ ਕਰਕੇ ਨਹੀਂ ਵੇਖਿਆ ਜਾ ਸਕਦਾ। ਇਸ ਲਈ ਦੇਸ਼ਾਂ-ਵਿਦੇਸਾਂ ਵਿੱਚੋਂ ਕਿਸਾਨ ਦੇ ਹੱਕ ਵਿੱਚ ਉੱਠ ਰਹੀਆਂ ਆਵਾਜ਼ਾਂ ਨੂੰ ਸੁਚੇਤ ਰਹਿਣਾ ਹੋਵੇਗਾ ਕਿ ਉਹ ਜਾਣੇ ਅਨਜਾਣੇ ਕਿਸਾਨੀ ਦੇ  ਮਦਦ ਕਰਨ ਦੇ ਉਦੇਸ਼ ਤੋਂ ਲਾਂਭੇ ਹੋ ਕੇ ਕਿਸੇ ਛੋਟੇ ਉਦੇਸ਼ ਦੀ ਪੂਰਤੀ ਵੱਲ ਕਦਮ ਨਾ ਪੁੱਟ ਬੈਠਣ। ਜਿਵੇਂ ਕੋਈ ਵੀ ਸਰਕਾਰ ਦਾ ਨੁਮਾਇੰਦਾ ਕਿਸਾਨਾਂ ਦਾ ਮਸਲਾ ਹਲ ਕਰਨ ਦੀ ਗੱਲ ਕਰਦਾ ਨਜ਼ਰ ਨਹੀਂ ਆ ਰਿਹਾ। ਇਥੋਂ ਇਹੋ  ਸਾਬਿਤ ਹੋ ਰਿਹਾ ਹੈ ਕਿ ਕਿਸਾਨ ਸੱਚੀ ਮੁੱਚੀ ਮੋਦੀ ਸਰਕਾਰ ਦੇ ਕੁੱਝ ਨਹੀਂ ਲਗਦੇ?
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ
75891-55501