Home ਮੰਨੋਰੰਜਨ ਕੁੱਕੂ ਰਾਣਾ ਰੋਂਦਾ’ ਅਤੇ ‘ਮਾਂ ਦਿਆ ਸੁਰਜਣਾ’ ਵਿਲੱਖਣ ਗੀਤ ਗਾਉਣ ਵਾਲਾ

ਕੁੱਕੂ ਰਾਣਾ ਰੋਂਦਾ’ ਅਤੇ ‘ਮਾਂ ਦਿਆ ਸੁਰਜਣਾ’ ਵਿਲੱਖਣ ਗੀਤ ਗਾਉਣ ਵਾਲਾ

0

ਲੋਕ ਗਾਇਕੀ ਦੇ ਪਿਆਰਿਆਂ ਦਾ ਚਹੇਤਾ ਗਾਇਕ ਬਲਧੀਰ ਮਾਹਲਾ  

ਬਲਧੀਰ ਮਾਹਲਾ ਇੱਕ ਨਿਰੰਤਰ ਸੰਘਰਸ਼ ਦਾ ਨਾਮ ਹੈ ਤੇ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਸਬਰ, ਸਿਦਕ ਤੇ ਨਿਮਰਤਾ ਉਸਦੇ ਰੋਮ ਰੋਮ ਵਿੱਚ ਹੈ। ਉਹ ਪੰਜਾਬੀ ਦੇ ਉੱਚ ਕੋਟੀ ਦੇ ਵਧੀਆ ਲੋਕ ਗਾਇਕਾਂ ਵਿੱਚੋਂ ਇੱਕ ਹੈ। ਪੰਜਾਬੀ ਬੋਲੀ ਤੇ ਪੰਜਾਬੀ ਸ੍ਰੋਤੇ ਉਸ ਤੇ ਮਾਣ ਕਰਦੇ ਹਨ। ਸੱਭਿਆਚਾਰਕ ਤੇ ਸਾਹਿਤਕ ਗਾਇਕੀ ਉਸਦਾ ਇਸ਼ਕ ਹੈ ਇਸ਼ਟ ਹੈ। ਉਹ ਬੜੀਆਂ ਸਖ਼ਤ ਕੁਠਾਲੀਆਂ ਵਿੱਚ ਢਲ ਢਲਕੇ ਕੁੰਦਨ ਬਣਿਆ ਹੈ। ਉਸਨੇ ਜਿੰਨਾ ਵੀ ਗਾਇਆ ਹੈ ਵਧੀਆ ਤੇ ਨਿੱਠਕੇ ਗਾਇਆ ਹੈ। ਮਨੁੱਖੀ ਰਿਸ਼ਤਿਆਂ ਨੂੰ ਉਸਨੇ ਝਰੀਟਿਆ ਨਹੀਂ ਸਗੋਂ ਮਲ੍ਹਮ ਬਣਿਆ ਹੈ। ਪੈਸੇ ਤੇ ਸ਼ੋਹਰਤ ਲਈ ਉਹਨੇ ਕਦੇ ਤਾਣੇ-ਬਾਣੇ ਨਹੀਂ ਬੁਣੇ। ਸੱਚ ਕਹਿਣ ਤੇ ਸੱਚ ਹੀ ਸੁਣਨ ਵਿੱਚ ਯਕੀਨ ਰੱਖਣ ਵਾਲਾ ਬਲਧੀਰ ਮਾਹਲਾ ਬਾਜ਼ਾਰੂ ਨਹੀਂ ਇੱਕ ਸਾਂਭਣਯੋਗ ਹੀਰਾ ਹੈ। ਭਾਂਵੇ ਉਹ ਅੱਲੜ੍ਹ ਉਮਰ ਤੋਂ ਹੀ ਬਾਬਾ ਫ਼ਰੀਦ ਜੀ ਦੇ ਵਰੋਸਾਏ ਸ਼ਹਿਰ ਫਰੀਦਕੋਟ ਭਾਨ ਸਿੰਘ ਕਲੋਨੀ ਵਿਖੇ ਰਹਿ ਰਿਹਾ ਹੈ ਪਰ ਪਿੰਡ ਮਾਹਲਾ ਕਲਾਂ (ਜਿਲਾ ਮੋਗਾ) ਕਿਸਾਨ ਘਰ ਜਨਮਿਆ ਬਲਧੀਰ ਸਿੰਘ ਸੁਤੰਤਰਤਾ ਸੰਗਰਾਮੀ ਕਾਮਰੇਡ ਬਾਬਾ ਦੇਵਾ ਸਿੰਘ ਮਾਹਲਾ ਨੂੰ ਸਦਾ ਸਿਜਦਾ ਕਰਦਾ ਹੈ ਜਿਨ੍ਹਾਂ ਨੇ ਉਹਨੂੰ ਆਪਣੇ ਨਾਮ ਨਾਲ ਪਿੰਡ ਦਾ ਨਾਮ ਮਾਹਲਾ ਬਖਸ਼ਿਆ ਅਤੇ ਉਸਨੇ ਵੀ ਆਪਣੀ ਉਮਰਾ ਵਿੱਚ ਜ਼ਿੰਦਗੀ ਦੇ ਸੰਘਰਸ਼ ਦੇ ਬਹੁਤ ਔਖੇ ਔਖੇ ਪੇਪਰਾਂ ਨੂੰ ਪਾਸ ਕਰ ਕਰਕੇ ਬੜੇ ਫਖਰ ਨਾਲ ਆਪਣੇ ਪਿੰਡ  ਦਾ ਨਾਮ ਰੌਸ਼ਨ ਕੀਤਾ ਹੈ। ਉਸਦੀ ਸੋਚ, ਪਰਖ ਤੇ ਯੋਗਤਾ ਤੇ ਉਂਗਲ ਨਹੀਂ ਰੱਖੀ ਜਾ ਸਕਦੀ। ਉਹਨੇ ਪੰਜਾਬੀ ਦੇ ਥੰਮ ਤੇ ਸਿਰਮੌਰ ਸ਼ਾਇਰ ਡਾ. ਹਰਿਭਜਨ ਸਿੰਘ. ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਲਖਵਿੰਦਰ ਜੌਹਲ, ਪ੍ਰੋ ਗੁਰਭਜਨ ਗਿੱਲ, ਪ੍ਰੋ ਅਨੂਪ ਵਿਰਕ, ਡੀ ਡੀ ਸਵਿਤੋਜ, ਪ੍ਰੋ ਰਮਨ, ਪ੍ਰੋ ਨਛੱਤਰ ਸਿੰਘ ਖੀਵਾ, ਬਾਬੂ ਰਜਬ ਅਲੀ, ਪ੍ਰੋ ਅਤੈ ਸਿੰਘ, ਪ੍ਰੋ ਬਚਨਜੀਤ, ਪ੍ਰੋ ਜਸਬੀਰ ਸਿੱਧੂ, ਧਰਮ ਕੰਮੇਆਣਾ, ਰਜਿੰਦਰ ਸ਼ੌਂਕੀ, ਸ਼ਮਸ਼ੇਰ ਸੰਧੂ, ਭਿੰਦਰ ਡੱਬਵਾਲੀ, ਜਰਨੈਲ ਘੋਲੀਆ ਆਦਿ ਤੇ ਹੋਰ ਪਤਾ ਨਹੀਂ ਕਿੰਨੇ ਕੁ ਨਾਮਵਰ ਤੇ ਉੱਭਰ ਰਹੇ ਲੇਖਕਾਂ ਦੀਆਂ ਰਚਨਾਵਾਂ ਗਾਉਂਦਿਆਂ ਸਾਹਿਤਕ ਗਾਇਕੀ ਵਿੱਚ ਆਪਣਾ ਨਿੱਗਰ ਯੋਗਦਾਨ ਪਾਕੇ ਲੋਹਾ ਮਨਵਾਇਆ ਹੈ ਅਤੇ ਪਰਪੱਕ ਸਭਿਆਚਾਰਕ ਤੇ ਸਾਹਿਤਕ ਗਾਇਕ ਵਜੋਂ ਮਿਸਾਲ ਹੀ ਨਹੀਂ ਸਗੋਂ ਮੀਲ ਪੱਥਰ ਬਣਿਆ ਹੈ। ਬਲਧੀਰ ਮਾਹਲਾ ਖੁਦ ਵੀ ਲਿਖਦਾ ਹੈ ਊਲ ਜਲੂਲ ਲਿਖਣਾ ਜਾਂ ਗਾਉਣਾ ਉਸਦੇ ਸਿਲੇਬਸ ਦੇ ਵਿਸ਼ੇ ਨਹੀਂ ਹਨ। ਸ਼ਬਦ ਸੁਹਜ ਉਸ ਕੋਲ ਬਹੁਤ ਹੈ। ਸੁੱਚੇ ਸ਼ਬਦਾਂ ਤੇ ਅਰਥਾਂ ਦਾ ਉਸਨੂੰ ਗਿਆਨ ਹੈ। ਸ਼ਬਦ ਗੁੰਦਣੇ ਤੇ ਪਰੋਣੇ ਉਹਨੂੰ ਆਉਂਦੇ ਨੇ। ਉਹਦੇ ਲਿਖੇ ਤੇ ਗਾਏ ਕਈ ਗੀਤ ਅਮਰ ਹੋ ਗਏ ਨੇ ਤੇ ਯੁੱਗਾਂ ਯੁੱਗਾਂ ਲਈ ਉਸਨੂੰ ਵੀ ਅਮਰ ਕਰ ਗਏ ਹਨ ਜਿਵੇਂ (ਲੋਰੀ) ਕੁੱਕੂ ਰਾਣਾ ਰੋਂਦਾ, ਲੋਕ ਬੋਲਾਂ ਦੇ ਅਧਾਰਿਤ ਉਸਦੀ ਘੋੜੀ ਮਾਂ ਦਿਆ ਸੁਰਜਣਾ (ਨੋਟ : ਜੋ ਬਾਅਦ ਵਿੱਚ ਬਹੁਤ ਸਾਰੇ ਕਲਾਕਾਰਾਂ ਲਈ ਰੁਜ਼ਗਾਰ ਦਾ ਵਸੀਲਾ ਵੀ ਬਣੀਂ ਤੇ ਸਕੂਲਾਂ, ਕਾਲਜਾਂ, ਅਤੇ ਯੂਨੀਵਰਸਟੀਆਂ ਦੇ ਯੁਵਕ ਮੇਲਿਆਂ -ਮੁਕਾਬਲਿਆਂ ਵਿੱਚ ਵੀ ਲੋਕ ਗੀਤ ਵਜੋਂ ਪ੍ਰਵਾਨਤ ਹੋਈ ) ਤੇ ਉਸਦਾ ਜਨਮ ਦਿਨ ਲਈ ਗਾਇਆ ਗੀਤ ਅਸੀਂ ਮੌਜਾਂ ਮਾਣੀਆਂ ਮਾਹਲੇ ਚਾਚੇ ਨਾਲ (ਹੈਪੀ ਬਰਥ ਡੇ ਟੂ ਯੂ) ਨੂੰ ਭਲਾਂ ਕੌਣ ਭੁਲਾ ਸਕਦਾ ਹੈ ? ਬਲਧੀਰ ਮਾਹਲਾ ਕੋਈ ਦਿਨਾਂ ਵਿੱਚ ਹੀ ਲੇਖਕ ਜਾਂ ਲੋਕ ਗਾਇਕ ਨਹੀਂ ਬਣਿਆ ਇਸ ਪਿੱਛੇ ਉਸਦੀ ਲਗਨ, ਸਖ਼ਤ ਤੋਂ ਸਖ਼ਤ  ਮਿਹਨਤ ਤੇ ਬਹੁਤ ਵੱਡੀ ਘਾਲਣਾ ਹੈ ਜਿਸ ਕਰਕੇ ਉਸਦੇ ਬੋਲ ਲੋਕ ਵਿਰਾਸਤ ਬਣ ਗਏ ਤੇ ਲੋਕ ਗੀਤ ਬਣ ਗਏ ਹਨ। ਬਲਧੀਰ ਮਾਹਲਾ ਇੱਕ ਸਤਿਕਾਰਤ ਤੇ ਸਥਾਪਤ ਹਸਤਾਖ਼ਰ ਹੈ। ਉਸਦੀ (ਤੂੰਬੀ) ਕੌਰਡਲਿਸ ਸੁਰੀਲੀ ਬਾਬਤ ਗੱਲ ਕਰੇ ਬਿਨਾਂ ਸਭ ਕੁੱਝ ਲਿਖਿਆ ਅਧੂਰਾ ਹੈ। ਉਸਨੇ ਖੁਦ ਉਸਤਾਦ ਯਮਲਾ ਜੱਟ ਜੀ ਵਾਲੀ ਤੂੰਬੀ ਨੂੰ ਬੈਟਰੀ, ਬਿਜਲਈ ਛੋਹ, ਸੰਗੀਤਕ ਯੰਤਰ, ਕਲੱਚ ਗੇਅਰ ਜਿਹੇ ਤੇ ਸੁਰਾਂ ਆਦਿ ਲਾਕੇ ਕੋਰਡਲੈਂਸ ਬਣਾ ਕੇ ਸੁਰੀਲੀ ਨਾਮ ਰੱਖਿਆ ਹੈ। ਉਸਦੀ ਤੂੰਬੀ ਵਜਾਉਂਣ ਦੀ ਮੁਹਾਰਤ ਬਾ-ਕਮਾਲ ਹੈ। ਉਸਨੇ ਗੁਰਾਂ ਤੇ ਸੁਰਾਂ ਨੂੰ ਨਮਸਤਕ ਹੋ ਕੇ ਸਾਰੀ ਦੁਨੀਆਂ ਵਿੱਚ ਨਾਮਣਾ ਖੱਟਿਆ ਹੈ। ਉਹ ਅਡੋਲ ਹੈ ਔਕੜਾਂ ਉਹਦੇ ਰਾਹਾਂ ‘ਚ ਅਜੇ ਵੀ ਰੋੜਾ ਨੇ ਪਹਿਲਾਂ ਉਸਨੂੰ ਕਾਲੇ ਪੀਲੀਏ ਨੇ ਨਪੀੜਿਆ ਤੇ ਮੌਤੋਂ ਬਚਿਆ। ਫੇਰ 2016 ਤੋਂ ਉਸਦੇ ਜਵਾਨ ਪੁੱਤ ਦੇ ਗੁਰਦੇ ਫੇਲ ਹੋ ਜਾਣ ਕਾਰਨ ਉਸਦੀ ਸੁਪਤਨੀ ਨੇ ਆਪਣੇ ਪੁੱਤ ਨੂੰ ਗੁਰਦਾ ਦਾਨ ਦਿੱਤਾ ਪਰ ਉਹ ਵੀ ਫੇਲ੍ਹ ਹੋਣ ਕਰਕੇ ਲੰਮੇਂ ਸਮੇ ਤੋਂ ਹਰ ਤੀਜੇ ਦਿਨ ਡਾਇਲਸਿਸ ਹੁੰਦਾ ਹੈ। ਪੀ ਜੀ ਆਈ ਤੋਂ ਮਹਿੰਗੇ ਇਲਾਜ਼ ਦੀ ਮਾਰ ਨੂੰ ਝੱਲ ਰਿਹਾ ਕਿਸੇ ਗੁਰਦਾ ਦਾਨੀ ਦੀ ਇੰਤਜ਼ਾਰ ਕਰ ਰਿਹਾ ਹੈ। ਇਹਨਾਂ ਦੁੱਖਾਂ ਵਿੱਚ ਸਾਰੇ ਸਹਿਯੋਗੀ ਦੋਸਤਾਂ ਭੈਣ ਭਰਾਵਾਂ ਦਾ ਧੰਨਵਾਦੀ ਹੈ ਜੋ ਉਸਦੀਆਂ ਬਾਹਵਾਂ ਬਣੇ ਨੇ। ਹੁਣ ਉਸਦੇ ਦੋਸਤਾਂ ਫੈਸਲਾ ਕੀਤਾ ਹੈ ਕਿ ਉਸਦੀ ਗਾਇਕੀ ਦਾ ਸੂਰਜ ਅਸਤ ਨਹੀਂ ਹੋਣ ਦਿੱਤਾ ਜਾਵੇਗਾ ਉਹ ਮਘੇਗਾ, ਚਮਕੇਗਾ ਤੇ ਨੇਰ੍ਹੇ ਰਾਹਾਂ ਨੂੰ ਰੁਸ਼ਨਾਵੇਗਾ। ਉਹਨਾਂ ਉਸਦੇ ਯੂ ਟਿਯੂਬ ਚੈਨਲ ਦਾ ਨਾਮ ਬਲਧੀਰ ਮਾਹਲਾ ਅਫੀਸ਼ਿਯਲਜ਼ ਰੱਖਿਆ ਹੈ ਤਾਂ ਕਿ ਜੋ ਉਸਦੀ ਆਰਥਿਕਤਾ ਵਿੱਚ ਮੱਦਦਗਾਰ ਬਣੇ। ਬੜੀ ਹੀ ਜਲਦੀ ਉਸਦੇ ਨਵੇਂ ਤੇ ਨਿਵੇਕਲੇ ਗੀਤ ਵੇਖਣ ਸੁਣਨ ਨੂੰ ਮਿਲਣਗੇ। ਇੱਕ ਕਲਾਕਾਰ ਲਈ ਉਸਦੇ ਦੇ ਗੀਤਾਂ ਦੀ ਸਲਾਮਤੀ ਤੋਂ ਵੱਡੀ ਹੋਰ ਕਿਹੜੀ ਦੁਆ ਹੋ ਸਕੇਗੀ। ਸ਼ਾਲਾ ਲੋਕ ਗਾਇਕੀ ਦੇ ਪਿਆਰਿਆਂ ਤੇ ਚਹੇਤਿਆਂ ਦਾ ਬਲਧੀਰ ਮਾਹਲਾ ਚਮਕਦਾ ਸੂਰਜ ਬਣਿਆਂ ਰਹੇਗਾ।

ਗੁਰਬਾਜ ਗਿੱਲ 98723-62507

(ਸੰਗੀਤਕ ਤੇ ਫ਼ਿਲਮੀ ਪੱਤਰਕਾਰ)