Home ਤਾਜ਼ਾ ਖਬਰਾਂ ਕੇਰਲ ਵਿਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 21 ਜਣਿਆਂ ਦੀ ਮੌਤ

ਕੇਰਲ ਵਿਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 21 ਜਣਿਆਂ ਦੀ ਮੌਤ

0


ਕੇਰਲ, 8 ਮਈ, ਹ.ਬ. : ਕੇਰਲ ਦੇ ਮਲਪੁਰਮ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਸੈਲਾਨੀ ਕਿਸ਼ਤੀ ਪਲਟਣ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿੱਚ 30 ਤੋਂ ਵੱਧ ਲੋਕ ਸਵਾਰ ਸਨ। ਕੇਰਲ ਦੇ ਖੇਡ ਮੰਤਰੀ ਵੀ ਅਬਦੁਰਰਹਿਮਾਨ ਨੇ ਵੱਖ-ਵੱਖ ਹਸਪਤਾਲਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ 20 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਹਨ। 4 ਲੋਕਾਂ ਨੂੰ ਗੰਭੀਰ ਹਾਲਤ ’ਚ ਕੋਟਾਕਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਹਾਲਾਂਕਿ, ਸਥਾਨਕ ਲੋਕਾਂ ਦੇ ਅਨੁਸਾਰ, ਕਿਸ਼ਤੀ ਵਿਚ ਸਮਰਥਾ ਨਾਲੋਂ ਜ਼ਿਆਦਾ ਲੋਕ ਬਿਠਾਏ ਗਏ ਸੀ। ਉਨ੍ਹਾਂ ਕੋਲ ਲੋੜੀਂਦੀਆਂ ਲਾਈਫ-ਜੈਕਟਾਂ ਨਹੀਂ ਸਨ। ਜਿਸ ਕਾਰਨ ਅਜਿਹੀ ਘਟਨਾ ਵਾਪਰੀ ਹੈ।

ਇਹ ਹਾਦਸਾ ਐਤਵਾਰ ਸ਼ਾਮ ਕਰੀਬ 7 ਵਜੇ ਮਲਪੁਰਮ ਜ਼ਿਲ੍ਹੇ ਦੇ ਤਨੂਰ ਇਲਾਕੇ ਵਿੱਚ ਤੁਵਲਤੀਰਮ ਬੀਚ ਨੇੜੇ ਵਾਪਰਿਆ। ਕਿਸ਼ਤੀ ਨੂੰ ਕਿਨਾਰੇ ’ਤੇ ਲਿਆਂਦਾ ਗਿਆ ਹੈ। ਖੇਤਰੀ ਫਾਇਰ ਰੇਂਜ ਅਧਿਕਾਰੀ ਸ਼ਿਜੂ ਕੇਕੇ ਨੇ ਦੱਸਿਆ ਕਿ ਕਿਸ਼ਤੀ ਵਿੱਚ ਸਵਾਰ ਲੋਕਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ। ਅਜਿਹੇ ’ਚ ਹੋਰ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।