Home ਤਾਜ਼ਾ ਖਬਰਾਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਆਪ, ਕਾਂਗਰਸ , ਅਕਾਲੀ ਦਲ-ਬਸਪਾ ਤੇ ਬੀਜੇਪੀ ’ਚ ਮੁਕਾਬਲਾ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਆਪ, ਕਾਂਗਰਸ , ਅਕਾਲੀ ਦਲ-ਬਸਪਾ ਤੇ ਬੀਜੇਪੀ ’ਚ ਮੁਕਾਬਲਾ

0


ਜਲੰਧਰ, 10 ਮਈ, ਹ.ਬ. : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਪਹਿਲੇ ਇੱਕ ਘੰਟੇ ਵਿੱਚ 5.21% ਵੋਟਿੰਗ ਹੋਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਚਾਰ ਮੁੱਖ ਪਾਰਟੀਆਂ ਵਿਚ ਮੁਕਾਬਲਾ ਹੈ। ਜਿਨ੍ਹਾਂ ਵਿਚ ਆਪ, ਕਾਂਗਰਸ , ਅਕਾਲੀ ਦਲ-ਬਸਪਾ ਤੇ ਬੀਜੇਪੀ ਹੈ। ਇਨ੍ਹਾਂ ਚਾਰ ਮੁੱਖ ਪਾਰਟੀਆਂ ਵਿਚ ਮੁਕਾਬਲਾ ਹੈ
ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਵੋਟ ਪਾਈ। 9 ਵਿਧਾਨ ਸਭਾ ਹਲਕਿਆਂ ਵਾਲੀ ਇਸ ਲੋਕ ਸਭਾ ਸੀਟ ’ਤੇ 1972 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ’ਤੇ ਜ਼ਿਲ੍ਹੇ ਦੇ 16 ਲੱਖ 21 ਹਜ਼ਾਰ ਵੋਟਰ ਨਵੇਂ ਸੰਸਦ ਮੈਂਬਰ ਦੀ ਚੋਣ ਕਰਨਗੇ। ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਇਸ ਸਾਲ ਜਨਵਰੀ ’ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਇੱਥੇ ਉਪ ਚੋਣ ਹੋ ਰਹੀ ਹੈ। ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ। ਜਲੰਧਰ ਲੋਕ ਸਭਾ (ਰਾਖਵੀਂ) ਸੀਟ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ।
‘ਆਪ’ ਨੇ ਸਾਬਕਾ ਵਿਧਾਇਕ ਰਿੰਕੂ ਨੂੰ ਮੈਦਾਨ ’ਚ ਉਤਾਰਿਆ ਹੈ, ਜੋ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ਪਾਰਟੀ ’ਚ ਸ਼ਾਮਲ ਹੋਏ ਸਨ। ਕਾਂਗਰਸ ਨੇ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ’ਤੇ ਭਰੋਸਾ ਜਤਾਇਆ ਹੈ। ਭਾਜਪਾ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰਬੀਰ ਸਿੰਘ ਅਟਵਾਲ ਨੂੰ ਟਿਕਟ ਦਿੱਤੀ ਹੈ। ਅਟਵਾਲ ਅਕਾਲੀ ਦਲ ਤੋਂ ਭਾਜਪਾ ਵਿੱਚ ਆਏ ਹਨ। ਅਕਾਲੀ ਦਲ ਨੇ ਬੰਗਾ ਸੀਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਸੁਖਵਿੰਦਰ ਕੁਮਾਰ ਸੁੱਖੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜੋ ਕਿ ਪੇਸ਼ੇ ਤੋਂ ਡਾਕਟਰ ਹਨ। ਅਕਾਲੀ ਦਲ ਦੇ ਉਮੀਦਵਾਰ ਨੂੰ ਆਪਣੀ ਭਾਈਵਾਲ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਹਾਸਲ ਹੈ। ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਜੰਟ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਲਈ ਜ਼ਿਲ੍ਹੇ ਵਿੱਚ 70 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। 166 ਪੋਲਿੰਗ ਸਟੇਸ਼ਨਾਂ ਦੇ ਬਾਹਰ ਵਾਧੂ ਕੈਮਰੇ ਲਗਾਏ ਗਏ। ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀਪੀਐਸ) ਦੀ ਵਰਤੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨੂੰ ਲੈ ਕੇ ਜਾਣ ਵਾਲੇ 703 ਵਾਹਨਾਂ ਨੂੰ ਟਰੈਕ ਕਰਨ ਲਈ ਕੀਤੀ । ਹਰ ਵਿਧਾਨ ਸਭਾ ਹਲਕੇ ਵਿੱਚ ਤਿੰਨ ਫਲਾਇੰਗ ਸਕੁਐਡ ਤਾਇਨਾਤ ਕੀਤੇ ਗਏ। ਇਸ ਤਰ੍ਹਾਂ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚ 27 ਉਡਣ ਦਸਤੇ ਤਾਇਨਾਤ ਕੀਤੇ ਗਏ। ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਸਿਬਿਨ ਸੀ ਨੇ ਦੱਸਿਆ ਕਿ 45 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚ ਨੌਂ ਗੁਲਾਬੀ ਬੂਥ ਹੋਣਗੇ, ਜਿੱਥੇ ਸਾਰੀਆਂ ਮੁਲਾਜ਼ਮ ਔਰਤਾਂ ਹੋਣਗੀਆਂ। ਮਤਦਾਨ ਵਿੱਚ 4839 ਈਵੀਐਮ, 2927 ਕੰਟਰੋਲ ਯੂਨਿਟ ਅਤੇ 2973 ਵੀਵੀਪੀਏਟੀ ਦੀ ਵਰਤੋਂ ਕੀਤੀ ਜਾਵੇਗੀ। ਹਰ ਪੋਲਿੰਗ ਸਟੇਸ਼ਨ ’ਤੇ ਪੀਣ ਵਾਲਾ ਪਾਣੀ, ਟੈਂਟ, ਕੁਰਸੀਆਂ ਅਤੇ ਘੱਟੋ-ਘੱਟ ਇਕ ਵ੍ਹੀਲਚੇਅਰ ਦੀ ਸਹੂਲਤ ਲਾਜ਼ਮੀ ਕੀਤੀ ਗਈ ਹੈ। ਕੋਵਿਡ-19 ਨਿਯਮਾਂ ਤਹਿਤ ਦਸਤਾਨੇ, ਸੈਨੀਟਾਈਜ਼ਰ, ਸਾਬਣ ਅਤੇ ਮਾਸਕ ਅਤੇ ਸਮੱਗਰੀ ਹਰ ਪੋਲਿੰਗ ਸਟੇਸ਼ਨ ’ਤੇ ਉਪਲਬਧ ਹੋਵੇਗੀ। ਕੋਵਿਡ ਵੇਸਟ ਲਈ ਡਸਟਬਿਨ ਅਤੇ ਰੰਗਦਾਰ ਬੈਗ ਰੱਖੇ ਜਾਣਗੇ। ਸਾਰੇ ਪੋਲਿੰਗ ਸਟਾਫ਼ ਨੂੰ ਭੋਜਨ ਅਤੇ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਜਾਵੇਗੀ। 80 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ (38,313), ਦਿਵਯਾਂਗ ਅਤੇ ਕੋਵਿਡ ਮਰੀਜ਼ਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। 888 ਵੋਟਰਾਂ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਈ ਹੈ। ਵੋਟਰ ਕਿਸੇ ਵੀ ਮਦਦ ਲਈ 1950 ’ਤੇ ਕਾਲ ਕਰ ਸਕਦੇ ਹਨ।