Home ਤਾਜ਼ਾ ਖਬਰਾਂ ਜੰਮੂ-ਕਸ਼ਮੀਰ ਦੇ ਪੁਣਛ ’ਚ ਫ਼ੌਜੀ ਗੱਡੀ ’ਤੇ ਅੱਤਵਾਦੀ ਹਮਲਾ, ਪੰਜਾਬ ਦੇ 4 ਜਵਾਨਾਂ ਸਣੇ ਪੰਜ ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਪੁਣਛ ’ਚ ਫ਼ੌਜੀ ਗੱਡੀ ’ਤੇ ਅੱਤਵਾਦੀ ਹਮਲਾ, ਪੰਜਾਬ ਦੇ 4 ਜਵਾਨਾਂ ਸਣੇ ਪੰਜ ਜਵਾਨ ਸ਼ਹੀਦ

0

ਪੁਣਛ,21 ਅਪ੍ਰੈਲ, ਹ.ਬ. : ਪੰਜਾਬ ਦੇ 4 ਜਵਾਨ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋ ਗਏ। ਇਨ੍ਹਾਂ ਸਾਰੇ ਜਵਾਨਾਂ ਦੀ ਅੱਗ ਵਿਚ ਝੁਲਸ ਕੇ ਮੌਤ ਹੋਈ ਹੈ। ਦਰਅਸਲ, ਅੱਤਵਾਦੀਆਂ ਨੇ ਟਰੱਕ ’ਤੇ ਫਾਇਰਿੰਗ ਤੋਂ ਬਾਅਦ ਗਰੇਨੇਡ ਸੁੱਟਿਆ। ਜਿਸ ਕਾਰਨ ਟਰੱਕ ਵਿਚ ਅੱਗ ਲੱਗ ਗਈ। ਇਸੇ ਵਿਚ ਝੁਲਸ ਕੇ ਪੰਜ ਜਵਾਨ ਸ਼ਹੀਦ ਹੋ ਗਏ।
ਪੰਜਾਬ ਦੇ 4 ਸ਼ਹੀਦ ਜਵਾਨਾਂ ਵਿਚ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਪਿੰਡ ਤਲਵੰਡੀ ਭਰਥ ਦਾ ਸਿਪਾਹੀ ਹਰਕ੍ਰਿਸ਼ਣ ਸਿੰਘ, ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਚਨਕੋਈਆਂ ਕੈਕਣ ਦਾ ਹੌਲਦਾਰ ਮਨਦੀਪ ਸਿੰਘ, ਮੋਗਾ ਦੇ ਪਿੰਡ ਚੜਿੱਕ ਦਾ ਲਾਂਸ ਨਾਇਕ ਕੁਲਵੰਤ ਸਿੰਘ ਅਤੇ ਬਠਿੰਡਾ ਦੇ ਪਿੰਡ ਬਾਘਾ ਦਾ ਸਿਪਾਹੀ ਸੇਵਕ ਸਿੰਘ ਸ਼ਾਮਲ ਹੈ

ਇਸ ਹਮਲੇ ਤੋਂ ਬਾਅਦ ਫ਼ੌਜੀ ਗੱਡੀ ’ਚ ਅੱਗ ਲੱਗ ਗਈ ਤੇ ਅੱਤਵਾਦੀ ਭੱਜ ਨਿਕਲੇ। ਜ਼ਖ਼ਮੀ ਜਵਾਨ ਨੂੰ ਰਾਜੌਰੀ ਦੇ ਫ਼ੌਜੀ ਹਸਪਤਾਲ ਪਹੁੰਚਾਉਣ ਦੇ ਨਾਲ ਹੀ ਪੁਣਛ ਦੇ ਭਿੰਬਰ ਗਲੀ (ਬੀਜੀ) ਹਾਈਵੇ ਤੋਂ ਅੱਗੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ। ਇਸ ਦੇ ਨਾਲ ਹੀ ਫ਼ੌਜ ਨੇ ਪੂਰੇ ਇਲਾਕੇ ਨੂੰ ਘੇਰ ਕੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਫ਼ੌਜ ਨੇ ਅੱਤਵਾਦੀ ਹਮਲੇ ਦੀ ਪੁਸ਼ਟੀ ਕਰ ਦਿੱਤੀ ਹੈ। ਪੁਣਛ ਦੇ ਸੰਗਯੋਟ ’ਚ ਜਿਸ ਥਾਂ ’ਤੇ ਇਹ ਧਮਾਕਾ ਹੋਇਆ, ਇਸ ਤੋਂ ਸਿਰਫ਼ ਦੋ ਤੋਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਭਾਟਾਧੁਲੀਆਂ ਜੰਗਲ ਹੈ। ਇਹ ਉਹੀ ਜੰਗਲ ਹੈ, ਜਿੱਥੇ ਕਈ ਵਾਰ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਹੋ ਚੁੱਕਾ ਹੈ। ਇਸ ਜੰਗਲ ’ਚ ਕਈ ਵਾਰ ਅੱਤਵਾਦੀਆਂ ਦੇ ਲੁਕੇ ਹੋਣ ਦੀਆਂ ਸੂਚਨਾਵਾਂ ਮਿਲਦੀਆਂ ਰਹੀਆਂ ਹਨ। ਫ਼ੌਜ ਨੇ ਇਸ ਜੰਗਲ ਨੂੰ ਕਈ ਵਾਰ ਖੰਘਾਲਿਆ ਵੀ ਪਰ ਅਜੇ ਤੱਕ ਅੱਤਵਾਦੀਆਂ ਦਾ ਸੁਰਾਗ ਨਹੀਂ ਮਿਲਿਆ।