Home ਤਾਜ਼ਾ ਖਬਰਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗ੍ਰਿਫ਼ਤਾਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗ੍ਰਿਫ਼ਤਾਰ

0

ਇਸਲਾਮਾਬਾਦ, 9 ਮਈ (ਵਿਸ਼ੇਸ਼ ਪ੍ਰਤੀਨਿਧ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਨੂੰ ਅੱਜ ਇਸਲਾਮਾਬਾਦ ਹਾਈ ਕੋਰਟ ਦੇ ਬਾਹਰ ਗੱਡੀ ਦੇ ਸ਼ੀਸ਼ੇ ਤੋੜ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਇਮਰਾਨ ਖਾਨ ਦੀ ਗ੍ਰਿਫ਼ਤਾਰੀ ਪਾਕਿਸਤਾਨੀ ਰੇਂਜਰਜ਼ ਵੱਲੋਂ ਕੀਤੀ ਗਈ ਹੈ ਜਦਕਿ ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਵੱਲੋਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਵੀਡੀਓ ਵਿਚ ਉਨ੍ਹਾਂ ਦਾ ਵਕੀਲ ਲਹੂ-ਲੁਹਾਣ ਨਜ਼ਰ ਆ ਰਿਹਾ ਹੈ। ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਦੇ ਆਗੂ ਮੁਸੱਰਤ ਚੀਮਾ ਨੇ ਇਕ ਵੀਡੀਓ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਇਮਰਾਨ ਖਾਨ ਨੂੰ ਤਸੀਹੇ ਦਿਤੇ ਜਾ ਰਹੇ ਹਨ। ਪਾਰਟੀ ਦਾ ਦਾਅਵਾ ਹੈ ਕਿ ਫੌਜ ਵੱਲੋਂ ਗ੍ਰਿਫ਼ਤਾਰੀ ਤੋਂ ਪਹਿਲਾਂ ਇਮਰਾਨ ਖਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਹ ਪਿਛਲੇ ਕੁਝ ਦਿਨ ਤੋਂ ਫੌਜ ਦੇ ਇਕ ਅਫਸਰ ਵਿਰੁੱਧ ਬਿਆਨਬਾਜ਼ੀ ਕਰ ਰਹੇ ਸਨ। ਇਮਰਾਨ ਖਾਨ ਦੇ ਵਕੀਲ ਫੈਸਲ ਚੌਧਰੀ ਨੇ ਖਦਸ਼ਾ ਜ਼ਾਹਰ ਕੀਤਾ ਕਿ ਫੌਜ ਵੱਲੋਂ ਇਮਰਾਨ ਖਾਨ ਦਾ ਕਤਲ ਕੀਤਾ ਜਾ ਸਕਦਾ ਹੈ। ਐਤਵਾਰ ਨੂੰ ਇਕ ਰੈਲੀ ਦੌਰਾਨ ਇਮਰਾਨ ਖਾਨ ਨੇ ਫੌਜ ਦੇ ਇਕ ਵੱਡੇ ਅਫ਼ਸਰ ਫੈਸਲ ਨਸੀਰ ’ਤੇ ਕਤਲ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਅਤੇ ਸੋਮਵਾਰ ਨੂੰ ਫੌਜ ਦੇ ਮੀਡੀਆ ਵਿੰਗ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਇਮਰਾਨ ਖਾਨ ਬੇਬੁਨਿਆਦ ਦੋਸ਼ ਲਾ ਰਹੇ ਹਨ। ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਅੱਜ ਇਮਰਾਨ ਖਾਨ ਇਸਲਾਮਾਬਾਦ ਹਾਈ ਕੋਰਟ ਵਿਚ ਪੇਸ਼ ਹੋਣ ਵਾਸਤੇ ਘਰੋਂ ਰਵਾਨਾ ਹੋਏ ਤਾਂ ਮੁੜ ਇਕ ਵੀਡੀਓ ਜਾਰੀ ਕਰ ਦਿਤੀ ਜਿਸ ਵਿਚ ਉਹ ਕਹਿ ਰਹੇ ਹਨ ਕਿ ਪਾਕਿਸਤਾਨ ਸਿਰਫ਼ ਫੌਜ ਦਾ ਨਹੀਂ। ਮੈਂ ਸੱਚ ਬੋਲਿਆ ਹੈ ਅਤੇ ਇਕ ਫੌਜੀ ਅਫਸਰ ਮੇਰੇ ਕਤਲ ਦੀ ਸਾਜ਼ਿਸ਼ ਘੜ ਚੁੱਕਾ ਹੈ। ਮੈਂ ਮੌਤ ਤੋਂ ਨਹੀਂ ਘਬਰਾਉਂਦਾ।