Home ਮੰਨੋਰੰਜਨ ਪੰਜਾਬੀ ਲਘੂ ਫ਼ਿਲਮ ਪੁਨਰ ਜਨਮ

ਪੰਜਾਬੀ ਲਘੂ ਫ਼ਿਲਮ ਪੁਨਰ ਜਨਮ

0


ਅਜੌਕੇ ਦੌਰ ਵਿੱਚ ਜਦੋ ਇੰਟਰਨੈੱਟ ਜ਼ਰੀਏ ਦਰਸ਼ਕਾਂ ਵਿੱਚ ਫ਼ਿਲਮਾਂ ਦੀ ਪਹੁੰਚ ਦਾ ਦਾਇਰਾ ਬਹੁਤ ਵਿਸ਼ਾਲ ਹੋ ਗਿਆ ਹੈ ਤਾਂ ਫ਼ੀਚਰ
ਫ਼ਿਲਮਾਂ ਦੇ ਨਾਲ ਨਾਲ ਲਘੂ ਫ਼ਿਲਮਾਂ ਬਣਾਉਣ ਦੀ ਰਫਤਾਰ ਵਿੱਚ ਵੀ ਚੋਖਾ ਵਾਧਾ ਹੋਇਆ ਹੈ।ਦੁਨੀਆਂ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਬਨ
ਵਾਲੀਆਂ ਲਘੂ ਫ਼ਿਲਮਾਂ ਦੀ ਤਰ੍ਹਾਂ ਪੰਜਾਬੀ ਜ਼ਬਾਨ ਵਿੱਚ ਵੀ ਬਹੁਤ ਖੂਬਸੂਰਤ ਲਘੂ ਫ਼ਿਲਮਾਂ ਦਾ ਨਿਰਮਾਣ ਹੋ ਰਿਹਾ ਹੈ ।ਲਘੂ ਫ਼ਿਲਮਾਂ ਨੂੰ
ਬਣਾਉਣ ਦਾ ਇਕ ਮਕਸਦ ਇਹਨਾਂ ਫ਼ਿਲਮਾਂ ਰਾਹੀਂ ਉਹਨਾਂ ਮਸਲੇ ਮਸਾਇਲਾਂ ਨੂੰ ਉਭਾਰਨਾਂ ਵੀ ਹੁੰਦਾ ਹੈ ਜਿੰਨ੍ਹਾਂ ਦਾ ਸਿੱਧਾ ਸੰਬੰਧ ਸਮਾਜ ਅਤੇ
ਉਸ ਵਿੱਚ ਰਹਿਣ ਵਾਲੇ ਲੋਕਾਂ ਨਾਲ ਹੁੰਦਾ ਹੈ।ਪੰਜਾਬੀ ਲਘੂ ਫ਼ਿਲਮ ਪੁਨਰ ਜਨਮ ਵੀ ਹਾਲ ਹੀ ਵਿੱਚ ਰਿਲੀਜ਼ ਹੋਈ ਇੱਕ ਐਸੀ ਫ਼ਿਲਮ ਹੈ ਜਿਸ
ਵਿੱਚ ਮੌਜੂਦਾ ਦੌਰ ਵਿੱਚ ਬਜ਼ੁਰਗਾਂ ਦੀ ਹੁੰਦੀ ਬੇਕਦਰੀ ਅਤੇ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਉਹਨਾਂ ਦੀ ਆਪਣੀ ਹੀ ਔਲਾਦ ਵੱਲੋਂ
ਅਣਗੌਲਿਆ ਕਰ ਦੇਣਾ ਅਤੇ ਉਹਨਾਂ ਵੱਲੋਂ ਆਪਣੇ ਹੱਥੀ ਸਾਰੀ ਉਮਰ ਹੱਢ ਭੰਨਵੀ ਮਿਹਨਤ ਕਰਕੇ ਬਣਾਏ ਅਪਣੇ ਹੀ ਘਰੋਂ ਅਖੀਰੀ ਸਮੇਂ ਬਾਹਰ
ਕੱਢਣ ਦੀ ਦਰਦਭਰੀ ਦਾਸਤਾਨ ਬਿਆਨ ਕੀਤੀ ਗਈ ਹੈ।
ਸਾਰਥਕ ਰੰਗਮੰਚ ਦੀ ਪੇਸ਼ਕਸ਼ ਲਘੂ ਫ਼ਿਲਮ ਪੁਨਰ ਜਨਮ ਦੇ ਨਿਰਮਾਤਾ ਹਨ ਸਹਿਰਾਬ ਅਤੇ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ
ਗੁਰਦਿਆਲ ਦਲਾਲ ਵੱਲੋਂ ।ਪੰਜਾਬੀ ਥੀਏਟਰ ਅਤੇ ਫ਼ਿਲਮੀ ਅਦਾਕਾਰ ਡਾ ਲੱਖਾ ਲਹਿਰੀ ਜਿੰਨ੍ਹਾਂ ਦੇ ਸਾਰਥਕ ਰੰਗਮੰਚ ਪਟਿਆਲਾ ਥੀਏਟਰ
ਗਰੁੱਪ ਨੇ ਪੰਜਾਬੀ ਰੰਗਮੰਚ ਦੀ ਦੁਨੀਆ ਵਿੱਚ ਕਈ ਸ਼ਾਹਕਾਰ ਨਾਟਕ ਪੰਜਾਬੀ ਥੀਏਟਰ ਦੀ ਝੋਲੀ ਪਾਏ ਹਨ ਵੱਲੋਂ ਇਸ ਫ਼ਿਲਮ ਦੀ ਨਿਰਦੇਸ਼ਨਾ
,ਪਟਕਥਾਂ ,ਸੰਵਾਦ ਅਤੇ ਸੰਪਾਦਨ ਕਰਨ ਦੀ ਜਿੰਮੇਵਾਰੀ ਬਾਖੂਬੀ ਨਿਭਾਈ ਗਈ ਹੈ। ਫ਼ਿਲਮ ਦੇ ਪ੍ਰਮੁੱਖ ਅਦਾਕਾਰਾ ਵਿੱਚ ਸ਼ਾਮਿਲ ਹਨ ਐਮ ਐਮ
ਸਿਆਲ,ਸੰਜੂ ਸੋਲੰਕੀ,ਵਿਪੁਲਾ ਆਹੂਜਾ,ਦੀਪਾ,ਅਰਨਪ੍ਰੀਤ ਕੌਰ,ਦਮਨ ਜੈਜੀ,ਗੁਰਦਿੱਤ ਪਹੇਸ਼,ਜਸਪ੍ਰਤੀ ਕੌਰ,ਰਾਜਨ ਪਟਿਆਲਵੀ
,ਕੁਵਮ,ਦਿਵਨੀਸ਼ ਬਜਾਜ ਅਤੇ ਸੁਨੀਲ ਮਹਿਤਾ ।ਫ਼ਿਲਮ ਦੇ ਗੀਤ ਲਿਖੇ ਹਨ ਸ਼ਬਦੀਸ਼ ਨੇ ਅਤੇ ਪਿੱਠ ਵਰਤੀ ਸੰਗੀਤਕਾਰ ਅਤੇ ਗਾਇਕ ਹਨ
ਕੁਲਜੀਤ ਭੱਟੀ ।
ਫ਼ਿਲਮ ਦੀ ਕਹਾਣੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਫ਼ਿਲਮ ਸ਼ੁਰੂ ਹੁੰਦੀ ਹੈ ਇੱਕ ਬਜ਼ੁਰਗ ਬੀਮਾਰ ਅਤੇ ਅਪਾਹਜ ਵਿਅਕਤੀ ਲਾਲ
ਚੰਦ ਤੋਂ ਜਿਸ ਨੂੰ ਉਸ ਦੇ ਨੂੰਹ ਪੁੱਤ ਕਾਰ ਵਿੱਚ ਪਾ ਕੇ ਘਰ ਤੋਂ ਦੂਰ ਕਿਤੇ ਲੈ ਕੇ ਜਾ ਰਹੇ ਹਨ ।ਕਾਰ ਸ਼ਹਿਰ ਦੀ ਖੁੱਲੀ ਸੜਕ ਤੇ ਸਰਪਟ ਦੌੜੀ
ਚਲੀ ਜਾ ਰਹੀ ਹੈ।ਬਜ਼ੁਰਗ ਦੇ ਅੰਦਰ ਸੋਚਾਂ ਦਾ ਹੜ੍ਹ ਆਇਆ ਹੋਇਆ ਹੈ .।ਬੀਮਾਰੀ ਅਤੇ ਲਾਚਾਰੀ ਦੀ ਹਾਲਤ ਵਿੱਚ ਉਹ ਡੂੰਘੀਆਂ ਸੋਚਾਂ ਵਿੱਚ
ਡੁੱਬਾ ਹੈ।ਫ਼ਿਲਮ ਫ਼ਲੈਸ਼ ਬੈਕ ਵਿੱਚ ਪਿੱਛੇ ਚਲਦੀ ਹੈ ਸਮਾਂ ਹੈ ਬਜੁਰਗ ਦੇ ਦਫ਼ਤਰ ਦਾ ਇੱਕ ਕਮਰਾ ਜਿੱਥੇ ਲਾਲ ਚੰਦ ਆਪਣੇ ਦਫ਼ਤਰ ਦੇ ਸਾਥੀਆਂ
ਨਾਲ ਗੱਲਬਾਤ ਕਰ ਰਿਹਾ ਹੈ ਉਸ ਦਾ ਇੱਕ ਸਾਥੀ ਆਖਦਾ ਹੈ ਕਿ ਰਿਟਾਇਰਮੈਂਟ ਦੇ ਮਿਲੇ ਪੈਸੇ ਕਦੇ ਵੀ ਆਪਣੇ ਜਿਊਂਦੇ ਜੀਅ ਆਪਣੀ ਔਲਾਦ
ਨੂੰ ਨਹੀ ਦੇਣੇ ਚਾਹੀਦੇ ਕਿਉਕਿ ਔਲਾਦ ਪੈਸੇ ਲੈ ਕੇ ਮੁੜ ਕੇ ਬਜ਼ੁਰਗਾ ਦੀ ਵਾਤ ਨਹੀ ਪੁਛਦੀ।ਪਰ ਲਾਲ ਚੰਦ ਕਹਿੰਦਾ ਕਿ ਉਹ ਉਸ ਦੀਆਂ ਗੱਲਾਂ
ਨਾਲ ਸਹਿਮਤ ਨਹੀ ਉਸ ਦਾ ਵਿਚਾਰ ਹੈ ਕਿ ਇਨਸਾਨ ਨੂੰ ਆਪਣੇ ਜਿਉਂਦੇ ਜੀਅ ਹੀ ਆਪਣੀ ਸਾਰੀ ਜਾਇਦਾਦ ਔਲਾਦ ਦੇ ਨਾਂ ਕਰ ਦੇਣੀ
ਚਾਹੀਦੀ ਹੈ।ਜੇਕਰ ਤੁਸੀ ਬੱਚਿਆ ਨੂੰ ਸੰਸਕਾਰ ਵਧੀਆ ਦਿੱਤੇ ਹਨ ਤਾਂ ਉਹ ਬਗੈਰ ਕਿਸੇ ਲਾਲਚ ਦੇ ਬਜ਼ੁਰਗ ਅਵਸਥਾ ਵਿੱਚ ਤੁਹਾਡੀ ਦੇਖਭਾਲ
ਜਰੂਰ ਕਰਨਗੇ।ਫ਼ਿਲਮ ਦੇ ਅਗਲੇ ਦ੍ਰਿਲ਼ ਵਿੱਚ ਲਾਲ ਚੰਦ ਰਿਟਾਇਰ ਹੋ ਜਾਂਦਾ ਹੈ ਅਤੇ ਰਿਟਾਇਰਮੈਂਟ ਤੋਂ ਬਾਅਦ ਉਹ ਬਹੁਤ ਸਾਰੀਆ ਕਿਤਾਬਾਂ
ਖ੍ਰੀਦਦਾ ਹੈ ਤਾਂ ਜੋ ਸਾਰੀ ਉਮਰ ਕੰਮਕਾਰ ਤੋਂ ਵਿਹਲ ਨਾ ਮਿਲਣ ਕਾਰਣ ਸਾਹਿਤ ਪੜ੍ਹਣ ਦੀ ਉਸ ਦੀ ਖਾਹਿਸ਼ ਜੋ ਪਹਿਲਾਂ ਪੂਰੀ ਨਹੀ ਹੋ ਪਾਈ
ਉਸ ਖਾਹਿਸ਼ ਨੂੰ ਉਹ ਹੁਣ ਪੂਰੀ ਕਰੇਗਾ। ਉਹ ਬਹੁਤ ਸਾਰੀਆਂ ਕਿਤਾਬਾ ਜੋ ਉਹ ਪੜ੍ਹ ਨਹੀ ਸਕਿਆ ਉਹਨਾਂ ਨੂੰ ਬੜੀ ਰੀਝ ਨਾਲ ਅਤੇ
ਇਤਮੇਨਾਨ ਨਾਲ ਬੈਠ ਕੇ ਪੜ੍ਹੇਗਾ।ਲਾਲ ਚੰਦ ਇੱਕ ਦਿਨ ਆਪਣੀ ਸਾਰੀ ਜਾਇਦਾਦ ਆਪਣੇ ਦੋਵੇ ਪੁੱਤਰਾਂ ਦੇ ਨਾਂ ਕਰ ਦਿੰਦਾ ਹੈ ਅਤੇ ਆਪ
ਆਪਣੇ ਛੋਟੇ ਪੁੱਤਰ ਸ਼ੁਸ਼ੀਲ ਅਤੇ ਨੂੰਹ ਸਰਿਤਾ ਨਾਲ ਆਪਣੇ ਬਣਾਏ ਘਰ ਵਿੱਚ ਰਹਿਣ ਲਗਦਾ ।ਸਭ ਕੰਮਾਕਾਰਾ ਤੋਂ ਸੁਰਖਰੂ ਹੋ ਕੇ ਲਾਲ ਚੰਦ
ਆਪਣੇ ਕਮਰੇ ਵਿੱਚ ਆਪਣੀਆਂ ਮਨਪਸੰਦ ਕਿਤਾਬਾ ਪੜ੍ਹਦਾ ਰਹਿੰਦਾ ਹੈ।ਉਹ ਕਾਫੀ ਖੁਸ਼ ਹੁੰਦਾ ਪਰ ਉੱਕ ਦਿਨ ਕਿਤਾਬ ਪੜ੍ਹਦੇ ਉਸ ਨੂੰ ਹਾਰਟ
ਅਟੈਕ ਆ ਜਾਂਦਾ ।ਨੂੰਹ ਪੁੱਤ ਉਸ ਨੂੰ ਹਸਪਤਾਲ ਪਹੰਚਾਉਂਦੇ ।ਉਹ ਬਚ ਤਾਂ ਜਾਂਦਾ ਪਰ ਉਸ ਦਾ ਇੱਕ ਪਾਸਾ ਮਾਰਿਆ ਜਾਂਦਾ।ਲਾਲ ਚੰਦ ਨੂੰ
ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਪਰ ਹੁਣ ਉਹ ਪੂਰੀ ਤਰ੍ਹਾਂ ਅਪਾਹਜ ਹੋ ਕੇ ਨੂੰਹ ਪੁੱਤ ਤੇ ਹੀ ਨਿਰਭਰ ਹੋ ਜਾਂਦਾ ।ਨੂੰਹ ਹੀ ਉਸ ਦੀ ਦੇਖਭਾਲ
ਕਰਦੀ ।ਕੁਝ ਦਿਨ ਤਾਂ ਉਹ ਲਾਲ ਚੰਦ ਦੀ ਦੇਖਭਾਲ ਕਰਦੀ ਪਰ ਛੇਤੀ ਹੀ ਉਸ ਨੂੰ ਲਾਲ ਚੰਦ ਨੂੰ ਸਾਭਣਾਂ ਬੋਝ ਲੱਗਣ ਲੱਗਦਾ।ਉਹ ਆਪਣੇ
ਪਤੀ ਨੂੰ ਆਖਦੀ ਕਿ ਉਸ ਦਾ ਦਫ਼ਤਰ ਦਾ ਕੰਮ ਤੇ ਬੱਚਿਆਂ ਦੀ ਪੜ੍ਹਾਈ ਦਾ ਹਰਜ ਹੋ ਰਿਹਾ ਹੈ ਕਿਉਂਕਿ ਉਸ ਦਾ ਜਿਆਦਾ ਸਮਾਂ ਆਪਣੇ ਸਹੁਰੇ
ਦੀ ਦੇਖਭਾਲ ਵਿੱਚ ਲੰਘ ਜਾਂਦਾ ਹੈ।ਲਾਲ ਚੰਦ ਦੇ ਨੂੰਹ ਪੁੱਤ ਇਹ ਫੈਸਲਾ ਕਰਦੇ ਕਿ ਉਸ ਨੂੰ ਪਾਸ ਹੀ ਪੈਂਦੇ ਇੱਕ ਬਿਰਦ ਘਰ ਵਿੱਚ ਛੱਡ ਦਿੱਤਾ
ਜਾਵੇ । ਉੱਥੇ ਉਸ ਦੀ ਦੇਖਭਾਲ ਦੀ ਜਿੰਮੇਵਾਰੀ ਬਿਰਧ ਘਰ ਵਾਲੇ ਵਧੀਆ ਨਿਭਾ ਲੈਣਗੇ। ਨੂੰਹ ਪੁੱਤ ਬੇਬਸ ਤੇ ਲਾਚਾਰ ਪਿਓ ਨੂੰ ਕਾਰ ਵਿੱਚ ਪਾ
ਕੇ ਬਿਰਧ ਘਰ ਵੱਲ ਨੂੰ ਤੁਰ ਪੈਂਦੇ ਹਨ ।ਰਸਤੇ ਵਿੱਚ ਲਾਲ ਚੰਦ ਦੀਆਂ ਆਪਣੀ ਜ਼ਿਦਗੀ ਦੀਆਂ ਯਾਦਾ ਫਲੈਸ਼ ਬੈਕ ਵਿੱਚ ਚੱਲਦੀਆਂ।ਕਾਰ ਜਦੋਂ
ਬਿਰਧ ਘਰ ਦੇ ਬਰੁਹਾਂ ਤੇ ਜਾ ਖਲੋਂਦੀ ਤਾਂ ਲਾਲ ਚੰਦ ਦੀਆਂ ਅਤੀਤ ਦੀਆਂ ਯਾਦਾਂ ਦਾ ਸਿਲਸਿਲਾ ਟੁੱਟਦਾ।

ਇਕ ਖਾਸ ਸੁਨੇਹਾ ਦੇਣ ਵਾਲੀ ਵਧੀਆ ਫ਼ਿਲਮ ਹੈ ਜੋ ਅੱਜ ਦੀ ਨੋਜਵਾਨ ਪੀੜੀ ਨੂੰ ਇਹ ਸੁਨੇਹਾ ਦਿੰਦੀ ਹੈ ਕਿ ਉਹ ਆਪਣੇ ਬਜ਼ੁਰਗਾਂ ਪ੍ਰਤੀ
ਸੰਵੇਦਨਸ਼ੀਲ ਅਤੇ ਜਿੰਮੇਵਾਰ ਬਣਨ ਅਤੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਬੀਮਾਰੀ ਵਿੱਚ ਉਹਨਾਂ ਦੀ ਸੇਵਾ ਕਰਨ ਅਤੇ ਉਹਨਾਂ ਪ੍ਰਤੀ
ਆਪਣੇ ਫ਼ਰਜ਼ਾਂ ਨੂੰ ਅੰਜਾਮ ਦੇਣ ਉਹਨਾਂ ਨੂੰ ਪਛਾਨਣ। ਅੰਗਰੇਜ ਸਿੰਘ ਵਿਰਦੀ