Home ਮੰਨੋਰੰਜਨ ਪੰਜਾਬੀ ਸਿਨਮੇ ਦੀ ਮੁੜ ਵਾਪਸੀ-‘ਐਮੀ ਵਿਰਕ ਤੇ ਸੋਨਮ ਬਾਜਵਾ ਦਾ ‘ਪੁਆੜਾ’

ਪੰਜਾਬੀ ਸਿਨਮੇ ਦੀ ਮੁੜ ਵਾਪਸੀ-‘ਐਮੀ ਵਿਰਕ ਤੇ ਸੋਨਮ ਬਾਜਵਾ ਦਾ ‘ਪੁਆੜਾ’

0
ਪੰਜਾਬੀ ਸਿਨਮੇ ਦੀ ਮੁੜ ਵਾਪਸੀ-‘ਐਮੀ ਵਿਰਕ ਤੇ ਸੋਨਮ ਬਾਜਵਾ ਦਾ ‘ਪੁਆੜਾ’

ਪੰਜਾਬੀ ਸਿਨੇਮੇ ਦੀ ਚਰਚਿਤ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਸਿਨਮੇ ਨੂੰ ਲਗਾਤਾਰ ਹਿੱਟ ਫ਼ਿਲਮਾਂ ਦਿੱਤੀਆਂ ਹਨ। ਜਿੰਨ੍ਹਾਂ ਸਦਕਾ ਇਸ ਜੋੜੀ ਨੂੰ ਦਰਸ਼ਕਾਂ ਨੇ ਦਿਲੋਂ ਪਿਆਰ ਦਿੱਤਾ ਹੈ। ਇੱਕ ਸਾਲ ਦੇ ਲਾਕਡਾਊਨ ਵਕਫ਼ੇ ਮਗਰੋਂ ਮਨੋਰੰਜਨ ਦੇ ਸਫ਼ਰ ਨੂੰ ਜਾਰੀ ਰੱਖਦਿਆਂ ਦਰਸ਼ਕਾਂ ਦੀ ਇਹ ਚਹੇਤੀ ਜੋੜੀ ਬਹੁਤ ਜਲਦ ਆਪਣੀ ਨਵੀਂ ਫ਼ਿਲਮ ‘ਪੁਆੜਾ’ ਲੈ ਕੇ ਆ ਰਹੀ ਹੈ। ‘ਪੁਆੜਾ’ ਪੰਜਾਬੀ ਜੁਬਾਨ ਦਾ ਇੱਕ ਪ੍ਰਚੱਲਤ ਸ਼ਬਦ ਹੈ, ਜਿਸ ਨੂੰ ਠੇਠ ਪੰਜਾਬੀ ਵਿੱਚ ‘ਪੰਗਾਂ’ ਵੀ ਕਿਹਾ ਜਾਂਦਾ ਹੈ। ਇਸ ਫ਼ਿਲਮ ਦਾ ਵਿਸ਼ਾ ਬਹੁਤ ਹੀ ਦਿਲਚਸਪ ਹੈ। ਜਿਸ ਵਿੱਚ ਕਾਮੇਡੀ, ਰੁਮਾਂਸ,ਪਰਿਵਾਰਕ ਨੋਕ-ਝੋਕ ਤੇ ਦਿਲਾਂ ਨੂੰ ਛੂਹ ਜਾਣ ਵਾਲਾ ਸੰਗੀਤ ਹੈ। ਦੋ ਦਿਲਾਂ ਦੀ ਆਪਸੀ ਗਿਟ-ਮਿਟ ਹੈ ਫ਼ਿਰ ‘ਪੁਆੜਾ’ ਕਿਵੇਂ ਤੇ ਕਿਊਂ ਪੈਂਦਾ ਹੈ…?
ਏ ਐਂਡ ਏ ਪਿਕਚਰਜ਼’ ਅਤੇ ਜ਼ੀ ਸਟੂਡੀਓਜ਼ ਦੀ ਪੇਸ਼ਕਸ਼ ਇਸ ਫ਼ਿਲਮ ਦਾ ਨਿਰਦੇਸ਼ਨ ਰੁਪਿੰਦਰ ਚਾਹਲ ਨੇ ਕੀਤਾ ਹੈ ਤੇ ਕਹਾਣੀ ਤੇ ਸਕਰੀਨ ਪਲੇਅ ਬਲਵਿੰਦਰ ਸਿੰਘ ਜੰਜੂਆਂ, ਰੁਪਿੰਦਰ ਚਾਹਲ ਤੇ ਅਨਿਲ ਰੋਧਨ ਨੇ ਮਿਲ ਕੇ ਲਿਖਿਆ ਹੈ ਜਦਕਿ ਫ਼ਿਲਮ ਦੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ। ਐਮੀ ਵਿਰਕ, ਸੋਨਮ ਬਾਜਵਾ, ਸੀਮਾ ਕੌਸ਼ਲ, ਹਰਦੀਪ ਗਿੱਲ, ਅਨੀਤਾ ਦੇਵਗਣ, ਸੁਖਵਿੰਦਰ ਚਹਿਲ, ਬਲਵਿੰਦਰ ਬੁਲਟ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਗੀਤ ਹੈਪੀ ਰਾਏਕੋਟੀ ਤੇ ਹਰਮਨਜੀਤ ਸਿੰਘ ਨੇ ਲਿਖੇ ਹਨ। ਇਸ ਫ਼ਿਲਮ ਦਾ ਨਿਰਮਾਣ ਬ੍ਰੇਟ ਫ਼ਿਲਮਜ਼ ਵਲੋਂ ਕੀਤਾ ਗਿਆ ਹੈ। ਇਸ ਫ਼ਿਲਮ ਦੇ ਨਿਰਮਾਤਾ ਅਤੁੱਲ ਭੱਲਾ, ਪਵਨ ਗਿੱਲ,ਅਨੁਰਾਗ ਸਿੰਘ, ਅਮਨ ਗਿੱਲ ਅਤੇ ਬਲਵਿੰਦਰ ਸਿੰਘ ਜੰਜੂਆ ਹਨ। ਜ਼ੀ ਸਟੂਡੀਓਜ਼ ਵਲੋਂ ਸਾਰੇ ਵਿਸ਼ਵ ਵਿਆਪੀ ਅਧਿਕਾਰ ਹਾਸਲ ਕਰਕੇ ਇਸ ਫ਼ਿਲਮ ਨੂੰ ਵੱਡੀ ਪੱਧਰ ‘ਤੇ ਰਿਲੀਜ਼ ਕਰਨ ਦੀ ਤਿਆਰੀ ਕੀਤੀ ਗਈ ਹੈ। ਨਿਰਮਾਤਾ ਅਤੁੱਲ ਭੱਲਾ ਬਾਰੇ ਕਹਿ ਸਕਦੇ ਹਾਂ ਕਿ ਇਹ ਹਮੇਸ਼ਾ ਹੀ ਸਮਾਜ ਨਾਲ ਜੁੜੀਆਂ ਮਿਆਰੀ ਤੇ ਮਨੋਰੰਜਨ ਭਰਪੂਰ ਫ਼ਿਲਮਾਂ ਬਣਾਉਣ ‘ਚ ਵਿਸ਼ਵਾਸ ਰੱਖਦੇ ਹਨ ਜੋ ਹਰ ਪੱਖੋਂ ਦਰਸ਼ਕਾਂ ਦੀ ਪਸੰਦ ‘ਤੇ ਖਰੀਆਂ ਹੋਣ। ਇਸੇ ਕਰਕੇ ਉਨ੍ਹਾਂ ਦੀ ਸਮੁੁੱਚੀ ਟੀਮ ਇੱਕ ਸਵੱਲੀ ਸੋਚ ਨਾਲ ਚੰਗੇ ਸਿਨਮੇ ਦੀ ਉਸਾਰੀ ‘ਚ ਲੱਗੀ ਹੋਈ ਹੈ। ਹਲਕੇ, ਦੋਹਰੇ ਅਰਥੀ ਚੁਟਕਲਿਆਂ ਵਾਲੀ ਕਾਮੇਡੀ ਤੋਂ ਇਨ੍ਹਾਂ ਨੇ ਹਮੇਸ਼ਾ ਹੀ ਦੂਰੀ ਬਣਾ ਕੇ ਰੱਖੀ ਹੈ। 2 ਅਪ੍ਰੈਲ ਨੂੰ ਰਿਲੀਜ ਹੋ ਰਹੀ ਇਹ ਫ਼ਿਲਮ ਸੁੰਨੇ ਪਏ ਪੰਜਾਬੀ ਸਿਨੇਮਿਆਂ ਵਿੱਚ ਮੁੜ ਰੌਣਕਾਂ ਲਾਉਣ ਦਾ ਇੱਕ ਸਲਾਘਾਯੋਗ ਯਤਨ ਹੈ।

– ਸੁਰਜੀਤ ਜੱਸਲ 9814607737