Home ਮੰਨੋਰੰਜਨ ਫ਼ਿਲਮੀ ਨਾਇਕ ਬਣਿਆ ਗਾਇਕ ‘ ਅਮਰਿੰਦਰ ਬੌਬੀ ’

ਫ਼ਿਲਮੀ ਨਾਇਕ ਬਣਿਆ ਗਾਇਕ ‘ ਅਮਰਿੰਦਰ ਬੌਬੀ ’

0

‘ਬਹੁਤਿਆਂ ਦੀ ਝਾਕ ਵਿਚ ਕੱਲੇ ਤੋਂ ਵੀ ਜਾਏਗੀ..ਮੁੰਦੀਆਂ ਵਟਾਉਣੀ ਏ ਤੂੰ ਛੱਲੇ ਤੋਂ ਵੀ ਜਾਏਗੀ..’, ‘ਸਾਡਾ ਵੀ ਕਿਤੇ ਨਾਮ ਤੇਰੇ ਨਾਲ’ ਅਤੇ ‘ਰੱਬਾ’ ਆਦਿ ਗੀਤਾਂ ਨਾਲ ਚਰਚਾ ਵਿਚ ਆਏ ਗਾਇਕ ਅਮਰਿੰਦਰ ਬੌਬੀ ਸੰਗੀਤ ਖੇਤਰ ਦੀ ਨਾਮਵਰ ਸ਼ਖਸੀਅਤ ਹਨ । ਗੁਰਦਾਸ ਮਾਨ ਦੀ ਗਾਇਕੀ ਤੋਂ ਪ੍ਰਭਾਵਤ ਇਸ ਗਾਇਕ ਨੇ ਆਪਣਾ ਇੱਕ ਖ਼ਾਸ ਸਰੋਤਾ ਵਰਗ ਕਾਇਮ ਕੀਤਾ ਹੈ ਜੋ ਉਸਦੇ ਗੀਤਾਂ ਦਾ ਮੁਰੀਦ ਹੈ। ਬੌਬੀ ਦੇ ਅਨੇਕਾਂ ਗੀਤ ਤੇ ਐਲਬਮਾਂ ਚਰਚਾ ਵਿਚ ਰਹੀਆਂ ਹਨ। ਇੰਨ੍ਹੀਂ ਦਿਨੀਂ ਅਮਰਿੰਦਰ ਬੌਬੀ ਬਤੌਰ ਨਾਇਕ ਪੰਜਾਬੀ ਫ਼ਿਲਮ “ਗਿੱਲ ਸਾਹਬ ਸਕੂਟਰ ਵਾਲੇ” ਲੈ ਕੇ ਆ ਰਿਹਾ ਹੈ ਜੋ ਨਸ਼ਿਆਂ ਦੇ ਮਾੜੇ ਰੁਝਾਨ ਅਤੇ ਇਸ ਨੂੰ ਰੋਕਣ ਦੇ ਉਪਰਾਲੇ ਅਧਾਰਤ ਹੈ। ਇਸ ਫ਼ਿਲਮ ਵਿੱਚ “ਗਿੱਲ ਸਾਹਬ” ਦਾ ਮੇਨ ਕਿਰਦਾਰ ਸਰਦਾਰ ਸੋਹੀ ਨੇ ਨਿਭਾਇਆ ਹੈ ਜਦਕਿ ਅਮਰਿੰਦਰ ਬੌਬੀ ਖੂਬਸੁਰਤ ਅਦਾਕਾਰਾ ਅਮਰੀਨ ਸ਼ਰਮਾ ਨਾਲ ਬਤੌਰ ਹੀਰੋ ਨਜ਼ਰ ਆਵੇਗਾ।
  ਅਮਰਿੰਦਰ ਬੌਬੀ ਨੇ ਦੱਸਿਆ ਕਿ ਇਹ ਉਸਦੀ ਪਹਿਲੀ ਪੰਜਾਬੀ ਫ਼ਿਲਮ ਹੈ ਜਿਸਨੂੰ ਨਿਰਮਾਤਾ, ਨਿਰਦੇਸ਼ਕ ਤੇ ਲੇਖਕ ਰਾਜੀਵ ਦਾਸ ਨੇ ਇੰਡੋ ਕੀ ਵੀ ਫ਼ਿਲਮਜ਼ ਦੇ ਬੈਨਰ ਹੇਠ ਬਣਾਇਆ ਹੈ। ਫ਼ਿਲਮ ਦੇ ਨਿਰਮਾਤਾ ਰਾਜੀਵ ਦਾਸ ਤੇ ਕੇ.ਕੇ. ਗਿੱਲ ਹਨ। ਜੇ ਪੀ ਪਰਦੇਸੀ ਇਸ ਫ਼ਿਲਮ ਦੇ ਸਹਿ ਨਿਰਮਾਤਾ ਹੈ। ਅਮਰਿੰਦਰ ਬੌਬੀ ਦਾ ਕਹਿਣਾ ਹੈ ਕਿ ਇਹ ਫ਼ਿਲਮ ਅਜੌਕੇ ਸਿਨਮੇ ਤੋਂ ਹਟਕੇ ਸਮਾਜਿਕ ਵਿਸ਼ੇ ਅਧਾਰਤ ਹੈ। ਜੋ ਅੱਜ ਦੇ ਨੌਜਵਾਨਾਂ ਨੂੰ ਚੰਗੀ ਸੇਧ ਦੇਵੇਗੀ। ਫ਼ਿਲਮ ਵਿਚ ਜਾਗਰੂਕਤਾ ਦੇ ਨਾਲ ਨਾਲ ਸੰਗੀਤਕ ਤੇ ਰੁਮਾਂਸ ਭਰਿਆ ਡਰਾਮਾ ਵੀ ਹੈ ਜੋ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗਾ।
   ਸ਼ਾਹੀ ਸਹਿਰ ਪਟਿਆਲਾ ਦੇ ਜੰਮਪਲ ਅਮਰਿੰਦਰ ਬੌਬੀ ਨੇ ਦੱਸਿਆ ਕਿ ਕਲਾ ਦੀ ਗੁੜਤੀ ਉਸਨੂੰ ਪਰਿਵਾਰ ਵਿਚੋਂ ਹੀ ਮਿਲੀ। ਉਸਦੇ ਪਿਤਾ ਜੀ ਹਰਪਾਲ ਟਿਵਾਣਾ ਜੀ ਦੇ ਨਾਟਕ ਟੀਮ ਵਿੱਚ ਕੰਮ ਕਰਦੇ ਸੀ ਜੋ ਗਾਇਕੀ ਅਤੇ ਅਦਾਕਾਰੀ ਦਾ ਸ਼ੌਂਕ ਰੱਖਦੇ ਸੀ। ਅਮਰਿੰਦਰ ਨੇ ਵੀ ਪਹਿਲਾਂ ਗਾਇਕੀ ਦਾ ਰਾਹ ਚੁਣਿਆ ਤੇ ਬੜ੍ਹੇ ਸੰਘਰਸ਼ਾਂ ਤੋਂ ਬਾਅਦ ਗਾਇਕੀ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ। ਗੁਰਦਾਸ ਮਾਨ ਦੀ ਗਾਇਕੀ ਦਾ ਬੌਬੀ ਤੇ ਵਧੇਰੇ ਪ੍ਰਭਾਵ ਪਿਆ ਇਸੇ ਕਰਕੇ ਉਸਦੀ ਗਾਇਕੀ ਅੰਦਾਜ਼ ਵਿਚ ਮਾਨ ਸਾਹਬ ਦਾ ਝਲਕਾਰਾ ਪੈਂਦਾ ਹੈ। ਉਸਨੇ ਗੁਰਦਾਸ ਮਾਨ ਜੀ ਨਾਲ ਫ਼ਿਲਮ ਜ਼ਿੰਦਗੀ ਖੂਬਸੁਰਤ ਹੈ ਵੀ ਕੀਤੀ। ਇਸ ਫ਼ਿਲਮ ਵਿਚ ਉਸਨੇ ਗਾਇਕੀ ਦੇ ਇਲਾਵਾ ਕੈਮਰੇ ਦਾ ਸਾਹਮਣਾ ਵੀ ਕੀਤਾ। ਉਹ ਇੱਕ ਛੋਟਾ ਜਿਹਾ ਕਿਰਦਾਰ ਸੀ ਜਦਕਿ ਗਿੱਲ ਸਾਹਬ ਸਕੂਟਰ ਵਾਲੇ ਫ਼ਿਲਮ ਵਿਚ ਉਹ ਸੈਕਿੰਡ ਲੀਡ ਵਿਚ ਕੰਮ ਕਰ ਰਿਹਾ ਹੈ। ਇਸ ਫ਼ਿਲਮ ਵਿਚ ਉਸਨੇ ਅਦਾਕਾਰੀ ਦੇ ਨਾਲ ਨਾਲ ਗਾਇਆ ਵੀ ਹੈ। ਇੰਡੋ ਕੀਵੀ ਫ਼ਿਲਮਜ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿਚ ਅਮਰਿੰਦਰ ਬੌਬੀ ਤੇ ਅਮਰੀਨ ਸ਼ਰਮਾ ਦੀ ਜੋੜੀ ਤੋਂ ਇਲਾਵਾ ਸਰਦਾਰ ਸੋਹੀ, ਹੌਬੀ ਧਾਲੀਵਾਲ, ਬਲਬੀਰ ਬੋਪਾਰਾਏ, ਅਦਿੱਤੀ ਆਰੀਆ, ਹੈਪੀ ਗੌਸਲ, ਸੱਜਣ ਕਪੂਰ ਤੇ ਕੇ.ਕੇ. ਗਿੱਲ ਨੇ ਅਹਿਮ ਕਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ, ਡਾਇਲਾਗ ਤੇ ਸਕਰੀਨਪਲੇਅ ਰਾਜੀਵ ਦਾਸ ਤੇ ਕੇ.ਕੇ. ਗਿੱਲ ਨੇ ਲਿਖਿਆ ਹੈ। ਅਮਰਿੰਦਰ ਬੌਬੀ, ਬਲਬੀਰ ਬੋਪਾਰਾਏ, ਮੈਂਡੀ ਸੰਧੂ, ਦੀਪ ਅਟਵਾਲ ਤੇ ਤਰੁਣ ਮਲਿਕ ਨੇ ਇਸ ਫ਼ਿਲਮ ‘ਚ ਪਲੇਅ ਬੈਕ ਗਾਇਆ ਹੈ। ਇਸ ਫ਼ਿਲਮ ਦੇ ਨਿਰਮਾਤਾ ਰਾਜੀਵ ਦਾਸ ਤੇ ਕੇ.ਕੇ. ਗਿੱਲ ਹਨ ਜਦਕਿ ਜੇ ਪੀ ਪਰਦੇਸੀ ਸਹਿ ਨਿਰਮਾਤਾ ਹੈ। ਜ਼ਿਕਰਯੋਗ ਹੈ ਕਿ 19 ਮਈ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਅੱਜ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦਾ ਉਪਰਾਲਾ ਹੈ ਕਿਉਂਕਿ ਪੰਜ ਦਰਿਆਵਾਂ ਦੀ ਧਰਤੀ ਤੇ ਅੱਜ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਜਿਸ ਵਿਚ ਮਾਵਾਂ ਤੇ ਜਵਾਨ ਪੁੱਤ ਨਿੱਤ ਦਿਨ ਡੁੱਬਦੇ ਜਾ ਰਹੇ ਹਨ। ਇਸ ਕਰਕੇ ਇਹ ਫ਼ਿਲਮ ਨਸ਼ਿਆਂ ਖਿਲਾਫ਼ ਇੱਕ ਨਵੇਂ ਯੁੱਧ ਦਾ ਆਗਾਜ਼ ਕਰੇਗੀ।
 ਉਸਦਾ ਕਹਿਣਾ ਹੈ ਕਿ ਆਪਣੇ ਗੀਤਾਂ ਵਾਂਗ ਉਹ ਚੰਗੀ ਸਾਫ਼-ਸੁਥਰੀ ਮਿਆਰੀ, ਸਮਾਜ ਨੂੰ ਸੇਧ ਦੇਣ ਵਾਲੀ ਫ਼ਿਲਮਾਂ ਹੀ ਕਰੇਗਾ। ਉਸਨੂੰ ਉਮੀਦ ਹੈ ਕਿ ਗਾਇਕੀ ਵਾਂਗ ਉਸਦੇ ਦਰਸ਼ਕ ਉਸਨੂੰ ਫ਼ਿਲਮਾਂ ਵਿੱਚ ਵੀ ਰੱਜਵਾਂ ਪਿਆਰ ਦੇਣਗੇ।           –  ਸੁਰਜੀਤ ਜੱਸਲ 9814607737