Home ਪੰਜਾਬ ਬਾਦਲ ਦਾ ਅਪਣੇ ਭਰਾ ਨਾਲ ਸੀ ਡੂੰਘਾ ਲਗਾਅ

ਬਾਦਲ ਦਾ ਅਪਣੇ ਭਰਾ ਨਾਲ ਸੀ ਡੂੰਘਾ ਲਗਾਅ

0


ਬਠਿੰਡਾ , 26 ਅਪ੍ਰੈਲ, ਹ.ਬ. : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ । ਮੰਗਲਵਾਰ ਦੇਰ ਸ਼ਾਮ ਉਨ੍ਹਾਂ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖ਼ਰੀ ਸਾਹ ਲਏ। ਉਹ ਪਿਛਲੇ ਬੁੱਧਵਾਰ ਤੋਂ ਹਸਪਤਾਲ ਵਿੱਚ ਦਾਖ਼ਲ ਸਨ। ਉਹ ਦਿਲ ਦੇ ਰੋਗ ਤੋਂ ਪੀੜਤ ਸਨ ਅਤੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਰਹੀ ਸੀ। ਅੰਤਿਮ ਸਮੇਂ ਵੱਡੇ ਬਾਦਲ ਕੋਲ ਉਨ੍ਹਾਂ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਮੌਜੂਦ ਸਨ। ਪ੍ਰਕਾਸ਼ ਸਿੰਘ ਬਾਦਲ ਦਾ ਆਪਣੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਨਾਲ ਡੂੰਘਾ ਲਗਾਅ ਸੀ। ਹਾਲਾਂਕਿ ਸਾਲ 2011 ’ਚ ਉਨ੍ਹਾਂ ਦੇ ਪੁੱਤਰਾਂ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਵਿਚਾਲੇ ਪੈਦੇ ਹੋਏ ਮਤਭੇਦ ਕਾਰਨ ਇਨ੍ਹਾਂ ਦੋਵਾਂ ਭਰਾਵਾਂ ’ਚ ਵੀ ਬੇਸ਼ੱਕ ਮਨ-ਮੁਟਾਅ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਪਾਸ ਤੇ ਦਾਸ ਦੀ ਜੋੜੀ ਨਹੀਂ ਟੁੱਟੀ ਸੀ। ਦੋਵਾਂ ਪੁੱਤਰਾਂ ਵਿਚਾਲੇ ਮਤਭੇਦ ਪੈਦਾ ਹੋਣ ਤੋਂ ਪਹਿਲਾਂ ਤਕ ਗੁਰਦਾਸ ਬਾਦਲ ਹੀ ਹਰ ਵਾਰ ਚੋਣ ਮੁਹਿੰਮ ਦੀ ਕਮਾਂਡ ਸੰਭਾਲਦੇ ਸਨ। ਸਾਲ 2011 ’ਚ ਅਕਾਲੀ-ਭਾਜਪਾ ਸਰਕਾਰ ਦੌਰਾਨ ਸੁਖਬੀਰ ਬਾਦਲ ਨਾਲ ਡੂੰਘੇ ਮਤਭੇਦ ਹੋ ਜਾਣ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰ ਨਾਲੋਂ ਨਾਤਾ ਤੋੜ ਲਿਆ ਸੀ ਤੇ ਆਪਣੀ ਵੱਖਰੀ ਪਾਰਟੀ ਬਣਾ ਲਈ ਸੀ। ਇਸ ਤੋਂ ਬਾਅਦ ਸਾਲ 2012 ’ਚ ਜਦੋਂ ਮਨਪ੍ਰੀਤ ਬਾਦਲ ਦੀ ਨਵੀਂ ਬਣਾਈ ਹੋਈ ਪੀਪਲਜ਼ ਪਾਰਟੀ ਆਫ ਪੰਜਾਬ ਵਿਧਾਨ ਸਭਾ ਦੇ ਚੋਣ ਮੈਦਾਨ ’ਚ ਉਤਰੀ ਸੀ ਤਾਂ ਉਸ ਸਮੇਂ ਗੁਰਦਾਸ ਬਾਦਲ ਲੰਬੀ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਚੋਣ ਮੈਦਾਨ ’ਚ ਵੀ ਉਤਰੇ ਸਨ ਪਰ ਸਿਆਸੀ ਤੌਰ ’ਤੇ ਇੰਨਾ ਕੁਝ ਹੋਣ ਦੇ ਬਾਵਜੂਦ ਦੋਵਾਂ ਭਰਾਵਾਂ ’ਚ ਪਿਆਰ ਬਣਿਆ ਰਿਹਾ। ਦੋਵੇਂ ਅਕਸਰ ਪਿੰਡ ਬਾਦਲ ’ਚ ਇਕ-ਦੂਜੇ ਦਾ ਹਾਲ-ਚਾਲ ਪੁੱਛਣ ਲਈ ਜਾਂਦੇ ਰਹੇ। ਸਭ ਤੋਂ ਜ਼ਿਆਦਾ ਪ੍ਰਕਾਸ਼ ਸਿੰਘ ਬਾਦਲ ਹੀ ਆਪਣੇ ਛੋਟੇ ਭਰਾ ਗੁਰਦਾਸ ਬਾਦਲ ਕੋਲ ਉਨ੍ਹਾਂ ਦੇ ਘਰ ਜਾਂਦੇ ਸਨ ਕਿਉਂਕਿ ਉਹ ਜ਼ਿਆਦਾ ਬਿਮਾਰ ਰਹਿੰਦੇ ਸਨ। ਪਾਸ ਤੇ ਦਾਸ ਜੋੜੀ ਦੀ ਅਕਸਰ ਮਿਸਾਲ ਦਿੱਤੀ ਜਾਂਦੀ ਰਹੀ ਹੈ।