Home ਕੈਨੇਡਾ ਬ੍ਰਿਟੇਨ ‘ਚ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਐਸਟ੍ਰਾਜੈਨੇਕਾ ਵੈਕਸੀਨ

ਬ੍ਰਿਟੇਨ ‘ਚ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਐਸਟ੍ਰਾਜੈਨੇਕਾ ਵੈਕਸੀਨ

0
ਬ੍ਰਿਟੇਨ ‘ਚ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਐਸਟ੍ਰਾਜੈਨੇਕਾ ਵੈਕਸੀਨ

ਲੰਡਨ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੂਰੀ ਦੁਨੀਆਂ ‘ਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਜਾਰੀ ਹੈ। ਇਸ ਮਹਾਂਮਾਰੀ ਤੋਂ ਲੜਾਈ ਲਈ ਲੋਕਾਂ ਨੂੰ ਟੀਕੇ ਲਗਾਏ ਜਾ ਰਹੇ ਹਨ। ਇਸ ਵਿਚਕਾਰ ਬ੍ਰਿਟੇਨ ‘ਚ ਦਵਾਈਆਂ ਦੀ ਇਕ ਰੈਗੂਲੇਟਰੀ ਸੰਸਥਾ ਨੇ ਕਿਹਾ ਹੈ ਕਿ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਐਸਟ੍ਰਾਜੈਨੇਕਾ ਵੈਕਸੀਨ ਨਹੀਂ ਲੱਗੇਗੀ।

ਬ੍ਰਿਟੇਨ ‘ਚ ਦਵਾਈਆਂ ਦੀ ਰੈਗੂਲੇਟਰੀ ਸੰਸਥਾ ਐਮਐਚਆਰਏ ਦਾ ਕਹਿਣਾ ਹੈ ਕਿ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਐਸਟ੍ਰਾਜੈਨੇਕਾ ਵੈਕਸੀਨ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਇਸ ਦਾ ਕੋਈ ਹੋਰ ਵਿਕਲਪ ਦਿੱਤਾ ਜਾਵੇਗਾ, ਮਤਲਬ ਕੋਈ ਹੋਰ ਵੈਕਸੀਨ ਲਗਾਈ ਜਾਵੇਗੀ। ਰੈਗੂਲੇਟਰੀ ਸੰਸਥਾ ਦਾ ਕਹਿਣਾ ਹੈ ਕਿ ਐਸਟ੍ਰਾਜੈਨੇਕਾ ਵੈਕਸੀਨ ਲਗਾਉਣ ਤੋਂ ਬਾਅਦ ਬਲੱਡ ਕਲੋਟਿੰਗ (ਖੂਨ ਦਾ ਜੰਮਣਾ) ਦੀ ਸ਼ਿਕਾਇਤ ਮਿਲਣ ਤੋਂ ਬਾਅਦ ਅਜਿਹਾ ਕੀਤਾ ਗਿਆ ਹੈ।

ਰੈਗੂਲੇਟਰੀ ਸੰਸਥਾ ਨੇ ਆਪਣੀ ਜਾਂਚ ‘ਚ ਪਾਇਆ ਹੈ ਕਿ ਮਾਰਚ ਦੇ ਅਖੀਰ ਤਕ ਬ੍ਰਿਟੇਨ ‘ਚ ਜਿਨ੍ਹਾਂ ਲੋਕਾਂ ਨੂੰ ਐਸਟ੍ਰਾਜੈਨੇਕਾ ਵੈਕਸੀਨ ਦਿੱਤੀ ਗਈ ਸੀ, ਉਨ੍ਹਾਂ ‘ਚੋਂ 79 ਲੋਕ ਬਲੱਡ ਕਲੋਟਿੰਗ ਦੇ ਸ਼ਿਕਾਰ ਹੋਏ ਸਨ ਅਤੇ ਉਨ੍ਹਾਂ ‘ਚੋਂ 19 ਲੋਕਾਂ ਦੀ ਮੌਤ ਹੋ ਗਈ ਸੀ।

ਹਾਲਾਂਕਿ ਐਮਐਚਆਰਏ ਨੇ ਕਿਹਾ ਕਿ ਇਸ ਗੱਲ ਦੇ ਕੋਈ ਪੁਖਤਾ ਸਬੂਤ ਨਹੀਂ ਹਨ ਕਿ ਕੋਰੋਨਾ ਦੀ ਐਸਟ੍ਰਾਜੇਨੇਕਾ ਵੈਕਸੀਨ ਕਾਰਨ ਬਲੱਡ ਕਲੋਟਿੰਗ ਹੋਈ ਹੈ ਪਰ ਇਹ ਵੀ ਸੱਚ ਹੈ ਕਿ ਬਲੱਡ ਕਲੋਟਿੰਗ ਅਤੇ ਵੈਕਸੀਨ ਵਿਚਕਾਰ ਸਬੰਧ ਹੋਰ ਡੂੰਘੇ ਹੁੰਦੇ ਜਾ ਰਹੇ ਹਨ। ਬਲੱਡ ਕਲੋਟਿੰਗ ਮਾਮਲੇ ਜਿਨ੍ਹਾਂ ਲੋਕਾਂ ‘ਚ ਵੇਖੇ ਗਏ, ਉਨ੍ਹਾਂ ‘ਚ ਲਗਭ ਦੋ-ਤਿਹਾਈ ਔਰਤਾਂ ਹਨ। ਮਰਨ ਵਾਲੇ ਲੋਕਾਂ ਦੀ ਉਮਰ 18 ਸਾਲ ਤੋਂ 79 ਸਾਲ ਵਿਚਕਾਰ ਹੈ।