Home ਤਾਜ਼ਾ ਖਬਰਾਂ ਮੋਗਾ ਵਿਚ ਭਰਾ ਨੇ ਹੀ ਕੀਤਾ ਭਰਾ ਦਾ ਕਤਲ

ਮੋਗਾ ਵਿਚ ਭਰਾ ਨੇ ਹੀ ਕੀਤਾ ਭਰਾ ਦਾ ਕਤਲ

0


ਮੋਗਾ, 19 ਮਈ, ਹ.ਬ. : ਮੋਗਾ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ ਵਿੱਚ ਵੀਰਵਾਰ ਸ਼ਾਮ ਇੱਕ ਨੌਜਵਾਨ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ। ਨੌਜਵਾਨ ਨੇ ਆਪਣੇ ਭਰਾ ਨੂੰ ਤਲਵਾਰਾਂ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਸਾਢੇ ਛੇ ਵਜੇ ਦੇ ਕਰੀਬ ਵਾਪਰੀ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।

ਥਾਣਾ ਧਰਮ ਕੋਟ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਖਜੀਤ ਸਿੰਘ ਵਜੋਂ ਹੋਈ ਹੈ। ਮੁਲਜ਼ਮ ਦਾ ਨਾਂ ਜਸਵੰਤ ਸਿੰਘ ਹੈ। ਸੁਖਜੀਤ ਨੇ ਦੋ ਮਹੀਨੇ ਪਹਿਲਾਂ ਪਰਵਾਸੀ ਔਰਤ ਤਨੂੰ ਨਾਲ ਵਿਆਹ ਕੀਤਾ ਸੀ। ਨਸ਼ਾ ਕਰਨ ਦੀ ਆਦਤ ਕਾਰਨ ਉਹ ਹਰ ਰੋਜ਼ ਪਰਿਵਾਰ ਤੋਂ ਪੈਸੇ ਮੰਗਦਾ ਸੀ। ਵੀਰਵਾਰ ਨੂੰ ਵੀ ਉਸ ਨੇ ਆਪਣੀ ਮਾਂ ਤੋਂ ਨਸ਼ਾ ਕਰਨ ਲਈ ਪੈਸੇ ਮੰਗੇ ਪਰ ਮਾਂ ਨੇ ਇਨਕਾਰ ਕਰ ਦਿੱਤਾ। ਸੁਖਜੀਤ ਆਪਣੀ ਮਾਂ ਨਾਲ ਕੁੱਟਮਾਰ ਕਰਨ ਲੱਗਾ।

ਇੰਸਪੈਕਟਰ ਅਨੁਸਾਰ ਇਹ ਦੇਖ ਕੇ ਉਸ ਦਾ ਦੂਜਾ ਭਰਾ ਜਸਵੰਤ ਸਿੰਘ ਆਪਣੀ ਮਾਂ ਨੂੰ ਬਚਾਉਣ ਲਈ ਆ ਗਿਆ ਤਾਂ ਨਸ਼ੇੜੀ ਸੁਖਜੀਤ ਸਿੰਘ ਨੇ ਆਪਣੇ ਭਰਾ ਨਾਲ ਵੀ ਲੜਾਈ ਸ਼ੁਰੂ ਕਰ ਦਿੱਤੀ। ਆਪਣੇ ਭਰਾ ਦੇ ਨਸ਼ੇ ਤੋਂ ਦੁਖੀ ਜਸਵੰਤ ਸਿੰਘ ਨੇ ਆਪਣੀ ਤਲਵਾਰ ਚੁੱਕ ਕੇ ਸੁਖਜੀਤ ਸਿੰਘ ਦੇ ਸਰੀਰ ’ਤੇ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ।

ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਜੀਤ ਸਿੰਘ ਨਸ਼ੇ ਦਾ ਆਦੀ ਹੋਣ ਕਾਰਨ ਰੋਜ਼ਾਨਾ ਦੀ ਤਰ੍ਹਾਂ ਆਪਣੀ ਮਾਤਾ ਹਰਜਿੰਦਰ ਕੌਰ ਨਾਲ ਲੜਾਈ-ਝਗੜਾ ਕਰਦਾ ਸੀ, ਜਿਸ ਕਾਰਨ ਜਸਵੰਤ ਸਿੰਘ ਨੇ ਸੁਖਜੀਤ ਸਿੰਘ ਦਾ ਕਤਲ ਕਰ ਦਿੱਤਾ। ਪੁਲਸ ਨੇ ਮ੍ਰਿਤਕ ਸੁਖਜੀਤ ਸਿੰਘ ਦੀ ਪਤਨੀ ਤਨੂੰ ਦੇ ਬਿਆਨਾਂ ’ਤੇ ਮੁਲਜ਼ਮ ਜਸਵੰਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।