Home ਤਾਜ਼ਾ ਖਬਰਾਂ ਯਮਨ ਵਿਚ ਚੈਰਿਟੀ ਈਵੈਂਟ ਵਿਚ ਭਗਦੜ, 85 ਮੌਤਾਂ

ਯਮਨ ਵਿਚ ਚੈਰਿਟੀ ਈਵੈਂਟ ਵਿਚ ਭਗਦੜ, 85 ਮੌਤਾਂ

0


ਸਨਾ, 20 ਅਪ੍ਰੈਲ, ਹ.ਬ. : ਯਮਨ ਦੀ ਰਾਜਧਾਨੀ ਸਨਾ ’ਚ ਰਮਜ਼ਾਨ ਮਹੀਨੇ ਦੇ ਆਖਰੀ ਦਿਨ ਜ਼ਕਾਤ ਯਾਨੀ ਵਿੱਤੀ ਸਹਾਇਤਾ ਵੰਡਣ ਦੇ ਪ੍ਰੋਗਰਾਮ ’ਚ ਮਚੀ ਭਗਦੜ ਕਾਰਨ 85 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। 322 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ’ਚੋਂ 13 ਦੀ ਹਾਲਤ ਗੰਭੀਰ ਬਣੀ ਹੋਈ ਹੈ। ਗ੍ਰਹਿ ਮੰਤਰਾਲੇ, ਜੋ ਕਿ ਹੂਤੀ ਬਲਾਂ ਦੇ ਕੰਟਰੋਲ ਵਿੱਚ ਹੈ, ਨੇ ਕਿਹਾ ਕਿ ਇਹ ਸਮਾਗਮ ਸਥਾਨਕ ਪ੍ਰਸ਼ਾਸਨ ਦੀ ਮਦਦ ਤੋਂ ਬਿਨਾਂ ਵਪਾਰੀਆਂ ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਵੱਡੀ ਗਿਣਤੀ ਵਿੱਚ ਗਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ।

ਹੂਤੀ ਸੈਨਿਕਾਂ ਨੇ ਭੀੜ ਨੂੰ ਕਾਬੂ ਕਰਨ ਲਈ ਹਵਾ ਵਿੱਚ ਗੋਲੀਬਾਰੀ ਕੀਤੀ, ਜਿਸ ਕਾਰਨ ਇੱਕ ਬਿਜਲੀ ਦੀ ਤਾਰ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਤੋਂ ਘਬਰਾ ਕੇ ਲੋਕ ਇਧਰ-ਉਧਰ ਭੱਜਣ ਲੱਗੇ ਅਤੇ ਇਕ-ਦੂਜੇ ਨੂੰ ਦਰੜਣ ਲੱਗੇ। ਈਦ ਦੋ ਦਿਨਾਂ ਬਾਅਦ ਹੀ ਆਉਣ ਵਾਲੀ ਹੈ, ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਇਹ ਆਰਥਿਕ ਮਦਦ ਦਿੱਤੀ ਜਾ ਰਹੀ ਹੈ।
ਯਮਨ ਮੀਡੀਆ ਮੁਤਾਬਕ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਦੇ ਸਮੇਂ ਕਿੰਨੇ ਲੋਕ ਮੌਜੂਦ ਸਨ। ਜਿਸ ਥਾਂ ਤੇ ਮਾਲੀ ਸਹਾਇਤਾ ਦਿੱਤੀ ਜਾ ਰਹੀ ਸੀ। ਇਹ ਇੱਕ ਛੋਟੀ ਜਿਹੀ ਸੜਕ ਸੀ। ਕਰੀਬ 2 ਕਿਲੋਮੀਟਰ ਦੀ ਲੰਬੀ ਲਾਈਨ ਲੱਗੀ ਹੋਈ ਸੀ। ਵੱਖ-ਵੱਖ ਥਾਵਾਂ ’ਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਲਈ ਲੋਕਾਂ ਨੂੰ ਪਹਿਲਾਂ ਪਹੁੰਚਣ ਦੀ ਕਾਹਲੀ ਸੀ। ਵਾਇਰਲ ਹੋਈਆਂ ਫੋਟੋਆਂ ਅਤੇ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਲੋਕ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ।
ਮੰਤਰਾਲੇ ਦੇ ਬੁਲਾਰੇ ਬ੍ਰਿਗੇਡੀਅਰ ਅਬਦੁਲ-ਖਾਲੇਕ ਅਲ-ਅਘਰੀ ਨੇ ਭਗਦੜ ਲਈ ਸਮਾਗਮ ਦੇ ਆਯੋਜਕਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇਕਰ ਸਥਾਨਕ ਪ੍ਰਸ਼ਾਸਨ ਨਾਲ ਗੱਲ ਕਰਕੇ ਇਹ ਚੈਰਿਟੀ ਸਮਾਗਮ ਕਰਵਾਇਆ ਜਾਂਦਾ ਤਾਂ ਅਜਿਹੀ ਘਟਨਾ ਨਾ ਵਾਪਰਦੀ। ਪ੍ਰਬੰਧਕਾਂ ਨੇ ਫੰਡ ਵੰਡਣ ਦਾ ਕੰਮ ਬੇਤਰਤੀਬੇ ਢੰਗ ਨਾਲ ਕੀਤਾ।

ਘਟਨਾ ਦੇ ਤੁਰੰਤ ਬਾਅਦ, ਹੂਤੀ ਬਾਗੀਆਂ ਨੇ ਸਕੂਲ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਿੱਥੇ ਸਮਾਗਮ ਆਯੋਜਿਤ ਕੀਤਾ ਗਿਆ ਸੀ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸਮਾਗਮ ਦੇ ਦੋ ਆਯੋਜਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਯਮਨ ਦੀ ਰਾਜਧਾਨੀ ’ਤੇ 2014 ਤੋਂ ਈਰਾਨ ਸਮਰਥਿਤ ਹੂਤੀ ਬਾਗੀਆਂ ਦਾ ਕਬਜ਼ਾ ਹੈ। ਉਦੋਂ ਹੀ ਇੱਥੇ ਘਰੇਲੂ ਯੁੱਧ ਸ਼ੁਰੂ ਹੋ ਗਿਆ ਸੀ।