Home ਤਾਜ਼ਾ ਖਬਰਾਂ ਰੂਸ ਨੇ ਗਲਤੀ ਨਾਲ ਅਪਣੇ ਹੀ ਸ਼ਹਿਰ ਵਿਚ ਡੇਗਿਆ ਬੰਬ, ਭਾਰੀ ਨੁਕਸਾਨ

ਰੂਸ ਨੇ ਗਲਤੀ ਨਾਲ ਅਪਣੇ ਹੀ ਸ਼ਹਿਰ ਵਿਚ ਡੇਗਿਆ ਬੰਬ, ਭਾਰੀ ਨੁਕਸਾਨ

0

ਮਾਸਕੋ, 21 ਅਪ੍ਰੈਲ, ਹ.ਬ. : ਰੂਸ-ਯੂਕਰੇਨ ਯੁੱਧ ਦੇ ਵਿਚਕਾਰ, ਰੂਸ ਨੇ ਵੀਰਵਾਰ ਰਾਤ ਨੂੰ ਗਲਤੀ ਨਾਲ ਆਪਣੇ ਹੀ ਸ਼ਹਿਰ ’ਤੇ ਬੰਬਾਰੀ ਕੀਤੀ। ਰੂਸ ਦਾ ਸੁਖੋਈ 34 ਲੜਾਕੂ ਜਹਾਜ਼ ਯੂਕਰੇਨ ਦੀ ਸਰਹੱਦ ’ਤੇ ਸਥਿਤ ਬੇਲਗੋਰੋਡ ਸ਼ਹਿਰ ਦੇ ਉਪਰੋਂ ਲੰਘ ਰਿਹਾ ਸੀ। ਫਿਰ ਪਾਇਲਟ ਨੇ ਗਲਤੀ ਨਾਲ ਬੰਬ ਛੱਡ ਦਿੱਤਾ। ਹਮਲੇ ’ਚ ਦੋ ਔਰਤਾਂ ਜ਼ਖਮੀ ਹੋ ਗਈਆਂ ਜਦਕਿ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਜਿਸ ਥਾਂ ’ਤੇ ਬੰਬ ਡਿੱਗਿਆ, ਉੱਥੇ 65 ਫੁੱਟ ਟੋਆ ਪੈ ਗਿਆ

ਹਮਲੇ ਦੀ ਆਵਾਜ਼ ਇੰਨੀ ਭਿਆਨਕ ਸੀ ਕਿ ਪੂਰਾ ਸ਼ਹਿਰ ਜਾਗ ਗਿਆ। ਬੇਲਗੋਰੋਡ ਦੇ ਗਵਰਨਰ ਨੇ ਤੁਰੰਤ ਐਮਰਜੈਂਸੀ ਲਗਾ ਦਿੱਤੀ। ਘਟਨਾ ਵੀਰਵਾਰ ਰਾਤ ਕਰੀਬ 1 ਵਜੇ ਵਾਪਰੀ। ਹਾਲਾਂਕਿ ਸੁਖੋਈ ਤੋਂ ਕਿਹੜਾ ਬੰਬ ਸੁੱਟਿਆ ਗਿਆ ਸੀ, ਇਸ ਦੀ ਜਾਣਕਾਰੀ ਨਹੀਂ ਮਿਲੀ ਹੈ। ਰੂਸੀ ਸਮਾਚਾਰ ਏਜੰਸੀ ਟਾਸ ਮੁਤਾਬਕ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੋਸ਼ਲ ਮੀਡੀਆ ’ਤੇ ਧਮਾਕੇ ਤੋਂ ਬਾਅਦ ਘਟਨਾ ਵਾਲੀ ਥਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਬੇਲਗੋਰੋਡ ਸ਼ਹਿਰ ਯੂਕਰੇਨ ਦੀ ਸਰਹੱਦ ਤੋਂ ਸਿਰਫ਼ 40 ਕਿਲੋਮੀਟਰ ਦੂਰ ਹੈ। ਇਹ ਯੂਕਰੇਨ ਦੇ ਖਾਰਕਿਵ ਸ਼ਹਿਰ ਦੇ ਉੱਤਰ ਵਿੱਚ ਸਥਿਤ ਹੈ। ਯੂਕਰੇਨ ਜਾਂਦੇ ਸਮੇਂ ਰੂਸੀ ਜਹਾਜ਼ ਇਸ ਸ਼ਹਿਰ ਦੇ ਉਪਰੋਂ ਲੰਘਦੇ ਹਨ, ਜਿਸ ਕਾਰਨ ਇੱਥੋਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਵੀਰਵਾਰ ਨੂੰ ਹੋਏ ਬੰਬ ਧਮਾਕੇ ਤੋਂ ਬਾਅਦ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ। ਕਈ ਲੋਕਾਂ ਦੇ ਘਰਾਂ ਦੀਆਂ ਕੰਧਾਂ ਵੀ ਢਹਿ ਗਈਆਂ।