Home ਤਾਜ਼ਾ ਖਬਰਾਂ ਲੁਧਿਆਣਾ ਵਿਚ ਸੇਵਾ ਮੁਕਤ ਏਐਸਆਈ ਅਤੇ ਉਸ ਦੀ ਪਤਨੀ ਤੇ ਬੇਟੇ ਦੀ ਹੱਤਿਆ

ਲੁਧਿਆਣਾ ਵਿਚ ਸੇਵਾ ਮੁਕਤ ਏਐਸਆਈ ਅਤੇ ਉਸ ਦੀ ਪਤਨੀ ਤੇ ਬੇਟੇ ਦੀ ਹੱਤਿਆ

0


ਲੁਧਿਆਣਾ, 22 ਮਈ, ਹ.ਬ. : ਪੰਜਾਬ ਵਿਚ ਲਗਾਤਾਰ ਕਤਲ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਲੁਧਿਆਣਾ ਦੇ ਪਿੰਡ ਨੂਰਪੁਰ ਬੇਟ ਵਿਚ ਪੁਲਿਸ ਤੋਂ ਸੇਵਾ ਮੁਕਤ ਏਐਸਆਈ ਅਤੇ ਉਸ ਦੀ ਪਤਨੀ ਅਤੇ ਬੇਟੇ ਦੀ ਹੱਤਿਆ ਕਰ ਦਿੱਤੀ ਗਈ। ਦੇਰ ਰਾਤ ਕੋਠੀ ਤੋਂ 3 ਲਾਸ਼ਾਂ ਮਿਲੀਆਂ। ਮ੍ਰਿਤਕਾਂ ’ਤੇ ਲੋਹੇ ਦੇ ਭਾਰੀ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਹਮਲਾਵਰਾਂ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨ ਕਤਲ ਸ਼ਨੀਵਾਰ ਰਾਤ 7 ਵਜੇ ਤੋਂ ਬਾਅਦ ਹੋਏ ਹਨ। ਸ਼ਨੀਵਾਰ ਸ਼ਾਮ 7 ਵਜੇ ਤੱਕ ਉਨ੍ਹਾਂ ਦੀ ਬੇਟੀ ਸਮਨ ਨਾਲ ਫੋਨ ’ਤੇ ਗੱਲਬਾਤ ਹੋਈ। ਅਗਲੇ ਦਿਨ ਬੇਟੀ ਨੇ ਮਾਤਾ-ਪਿਤਾ ਅਤੇ ਭਰਾ ਨੂੰ ਕਈ ਫੋਨ ਕੀਤੇ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਫ਼ੋਨ ਨਾ ਚੁੱਕਣ ’ਤੇ ਸਮਨ ਨੇ ਰਿਸ਼ਤੇਦਾਰ ਨੂੰ ਫ਼ੋਨ ਕੀਤਾ। ਜਿਸ ਨੇ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ। ਪਿੰਡ ਦਾ ਸਰਪੰਚ ਪੀਸੀਆਰ ਦਸਤੇ ਨਾਲ ਮੌਕੇ ’ਤੇ ਪੁੱਜ ਗਿਆ। ਜਦੋਂ ਪੀਸੀਆਰ ਦਸਤੇ ਨੇ ਕੋਠੀ ਦਾ ਤਾਲਾ ਤੋੜਿਆ ਤਾਂ ਤਿੰਨ ਵਿਅਕਤੀਆਂ ਦੀ ਮੌਤ ਦੇਖ ਕੇ ਉਹ ਹੈਰਾਨ ਰਹਿ ਗਏ। ਸੇਵਾਮੁਕਤ ਏਐਸਆਈ ਦੀ ਲਾਸ਼ ਘਰ ਦੀ ਲਾਬੀ ਵਿੱਚ ਫਰਸ਼ ’ਤੇ ਪਈ ਸੀ। ਜਦੋਂ ਕਿ ਬੇਟੇ ਅਤੇ ਮਾਂ ਦੀਆਂ ਲਾਸ਼ਾਂ ਕਮਰੇ ’ਚ ਬੈਡ ’ਤੇ ਪਈਆਂ ਸਨ। ਪੀਸੀਆਰ ਦਸਤੇ ਨੇ ਤੁਰੰਤ ਪੁਲਸ ਅਧਿਕਾਰੀਆਂ ਨੂੰ ਸੂਚਿਤ ਕੀਤਾ।

ਸੂਚਨਾ ਮਿਲਣ ’ਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਸਮੇਤ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਘਟਨਾ ਵਾਲੀ ਥਾਂ ਨੂੰ ਦੇਖ ਕੇ ਜਾਪਦਾ ਹੈ ਕਿ ਹਮਲਾਵਰਾਂ ਨੇ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘਰ ’ਚ ਪਿਆ ਕਾਫੀ ਸਾਮਾਨ ਅਤੇ ਕੱਪੜੇ ਖਿਲਾਰ ਦਿੱਤੇ। ਪਰ ਪੁਲਿਸ ਨੂੰ ਤੀਹਰੇ ਕਤਲ ਪਿੱਛੇ ਪੁਰਾਣੀ ਦੁਸ਼ਮਣੀ ਦਾ ਸ਼ੱਕ ਹੈ।

ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ (65), ਉਸ ਦੀ ਪਤਨੀ ਪਰਮਜੀਤ ਕੌਰ (61) ਅਤੇ ਪੁੱਤਰ ਗੁਰਵਿੰਦਰ ਸਿੰਘ ਉਰਫ਼ ਪਾਲੀ ਗਰੇਵਾਲ (32) ਵਜੋਂ ਹੋਈ ਹੈ। ਕੁਲਦੀਪ ਸਿੰਘ 2019 ਵਿੱਚ ਸੇਵਾਮੁਕਤ ਹੋਏ। ਕੁਲਦੀਪ ਸਿੰਘ ਮਹਿਲਾ ਸੈੱਲ ਵਿੱਚ ਤਾਇਨਾਤ ਸਨ। ਗੁਰਵਿੰਦਰ ਸਿੰਘ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਪਤਨੀ ਗਰਭਵਤੀ ਦੱਸੀ ਜਾ ਰਹੀ ਹੈ। ਪਾਲੀ ਦੋ ਦਿਨ ਪਹਿਲਾਂ ਹੀ ਆਪਣੀ ਪਤਨੀ ਨੂੰ ਪਿੰਡ ਪਾਇਲ ਨੇੜੇ ਸਹੁਰੇ ਘਰ ਛੱਡ ਗਿਆ ਸੀ।

ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਫਰੈਂਡਲੀ ਜਾਪਦਾ ਹੈ। ਕੁਲਦੀਪ ਸਿੰਘ ਦੇ ਘਰ ਵਾਟਰ ਸਪਲਾਈ ਆਦਿ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਲੇਬਰ ਲੱਗੀ ਹੋਈ ਸੀ।

ਕਿਸੇ ਜਾਣ ਪਛਾਣ ਵਾਲੇ ਨੇ ਪਹਿਲਾਂ ਰੇਕੀ ਕੀਤੀ ਹੈ। ਇਸ ਤੋਂ ਬਾਅਦ ਹਮਲਾਵਰ ਖਿੜਕੀ ਰਾਹੀਂ ਘਰ ਅੰਦਰ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ।