Home ਸਾਹਿਤਕ ਹਾਏ! ਮਹਿੰਗਾਈ

ਹਾਏ! ਮਹਿੰਗਾਈ

0
ਹਾਏ! ਮਹਿੰਗਾਈ

ਭਾਰਤ ਪਹਿਲੇ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਫਿਰ ਇਹ ਨਾਮੁਰਾਦ ਬਿਮਾਰੀ ਕਰੋਨਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿਚ ਲੈ ਲਿਆ। ਆਪਣੇ-ਆਪ ਨੂੰ ਖੱਬੀ ਖਾਨ ਕੁਹਾਉਣ ਵਾਲੇ ਅਮਰੀਕਾ ਵਰਗੇ ਦੇਸ਼ਾਂ ਦੀ ਅਰਥ-ਵਿਵਸਥਾ ਬਹੁਤ ਪ੍ਰਭਾਵਿਤ ਹੋਈ ਹੈ। ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜ ਦਿੱਤਾ ਹੈ। ਕਰੋਨਾ ਕਾਰਨ ਸਾਰੇ ਕੰਮਕਾਜ ਠੱਪ ਹੋ ਚੁੱਕੇ ਸਨ।ਜੇ ਥੋੜੇ ਬਹੁਤ ਕੰਮ ਕਾਜ ਚਲੇ ਵੀ ਹਨ, ਉਥੇ ਦਿਹਾੜੀਦਾਰ ਨੂੰ ਤਿੰਨ ਸੌ ਰੁਪਏ ਦਿਹਾੜੀ ਬੜੀ ਮੁਸ਼ੱਕਤ ਨਾਲ ਮਿਲ ਰਹੀ ਹੈ। ਕਾਫੀ ਲੰਮੇ ਸਮੇਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਆਮ ਲੋਕਾਂ ਲਈ ਚੁਣੌਤੀ ਬਣ ਰਹੀਆਂ ਹਨ। ਮਹਿੰਗਾਈ ਆਸਮਾਨ ਛੂਹ ਰਹੀ ਹੈ।

ਨਵੰਬਰ ਮਹੀਨੇ ਮਾਰਕੀਟ ਵਿੱਚ ਆਲੂ ਚਾਲੀ- ਪੰਜਾਹ ਰੁਪਏ ਕਿੱਲੋ ਵਿਕਿਆ। ਪਿਆਜ ਤਾਂ ਹਮੇਸ਼ਾ ਹੀ ਹੰਝੂ ਕਢਵਾਉਂਦਾ ਰਹਿੰਦਾ ਹੈ। ਕਿਸੇ ਵੀ ਹਰੀ ਸਬਜ਼ੀ ਤੇ ਹੱਥ ਨਹੀਂ ਟਿਕਦਾ। ਫ਼ਲ ਫਰੂਟਾਂ ਦੀ ਤਾਂ ਗੱਲ ਹੀ ਨਾ ਕਰੋ ।ਫਰਵਰੀ ਮਹੀਨੇ ਰਸੋਈ ਵਿੱਚ ਵਰਤੇ ਜਾਣ ਵਾਲੇ ਗੈਸ ਸਿਲੰਡਰ ਦੀ ਤਿੰਨ ਵਾਰ ਕੀਮਤਾਂ ਵਧੀਆਂ।850 ਤੋਂ ਉਪਰ ਗੈਸ ਸਿਲੰਡਰ ਦੀ ਕੀਮਤ ਹੋ ਗਈ ਹੈ।ਪੈਟਰੋਲ ਤੇ ਡੀਜ਼ਲ ਦਾ ਤਾਂ ਪੁੱਛੋ ਹੀ ਨਾ।ਤਕਰੀਬਨ ਕਾਫੀ ਦਿਨਾਂ ਤੋਂ ਲਗਾਤਾਰ ਕੀਮਤਾਂ ਵੱਧ ਰਹੀਆਂ ਹਨ।100 ਰੁਪਏ ਦੇ ਨੇੜੇ ਪੈਟਰੋਲ ਹੋਣ ਵਾਲਾ ਹੈ। ਗੁਆਂਢੀ ਦੇਸ਼ਾਂ ਵਿਚ ਆਪਣੇ ਦੇਸ਼ ਨਾਲੋਂ ਤੇਲ ਦੀਆਂ ਕੀਮਤਾਂ ਬਹੁਤ ਹੀ ਘੱਟ ਹਨ। ਵੱਧ ਰਹੀਆਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕਮੀ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਆਪਸੀ ਤਾਲਮੇਲ ਕਰਨਾ ਚਾਹੀਦਾ ਹੈ। ਮਹਿੰਗਾਈ ਨੇ ਆਮ ਜਨਤਾ ਦਾ ਬਜਟ ਹਿਲਾ ਦਿੱਤਾ ਹੈ। ਆਮ ਜਨਤਾ ਦਾ ਜਿਊਣਾ ਦੁੱਭਰ ਹੋ ਗਿਆ ਹੈ।ਇੱਕ ਆਮ ਪਰਿਵਾਰ ਲਈ ਢਾਈ ਸੌ ਰੁਪਏ ਦੀ ਸਬਜ਼ੀ ਰੋਜ਼ਾਨਾ ਆਉਂਦੀ ਹੈ ।ਜੇ ਗਰੀਬ ਸਬਜ਼ੀਆਂ ਦਾਲਾਂ ਤੇ ਪੂਰੀ ਦਿਹਾੜੀ ਖਰਚ ਕਰ ਦੇਵੇਗਾ ਤਾਂ ਘਰ ਦੇ ਬਾਕੀ ਖਰਚੇ ਕਿਵੇਂ ਪੂਰੇ ਹੋਣਗੇ।ਰੋਟੀ ,ਕੱਪੜਾ ਅਤੇ ਮਕਾਨ ਆਮ ਆਦਮੀ ਦੀਆਂ ਅਹਿਮ ਜਰੂਰਤਾਂ ਹਨ।ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਆਮ ਆਦਮੀ ਦੀਆਂ ਲੋੜੀਂਦੀ ਜਰੂਰਤਾਂ ਪੂਰੀਆਂ ਹੋਣ।ਘਰ ਵਿੱਚ ਬਿਜਲੀ ਦਾ ਖਰਚ ਤੇ ਰਾਸ਼ਨ ਵੀ ਚਾਹੀਦਾ ਹੈ। ਸਰੋਂ ਦੇ ਤੇਲ,ਰਾਜਮਾ, ਦਾਲਾਂ ਦੀ ਕੀਮਤਾਂ ‌ਵਿੱਚ ਕਾਫ਼ੀ ਵਾਧਾ ਹੋਇਆ ਹੈ। ਖਾਣ ਪੀਣ ਨੂੰ ਤਾਂ ਸਭ ਦਾ ਹੀ ਦਿਲ ਕਰਦਾ ਹੈ।ਬਦਕਿਸਮਤ ਜੇ ਘਰ ਵਿੱਚ ਕੋਈ ਬਿਮਾਰੀ ਆ ਜਾਵੇ, ਫਿਰ ਡਾਕਟਰ ਦੀ ਫੀਸ ਕੌਣ ਭਰੇਗਾ। ਮਹਿੰਗਾਈ ਵਿਚ ਬੀਮਾਰੀ ਦਾ ਖ਼ਰਚਾ ਕਿਥੋਂ ਆਵੇਗਾ। ਬੱਚਿਆਂ ਦੀ ਸਕੂਲ ਦੀ ਫ਼ੀਸ ਵੀ ਭਰਨੀ ਹੈ। ਮਹਿੰਗਾਈ ਨੇ ਹਰੇਕ ਵਰਗ ਦਾ ਲੱਕ ਤੋੜ ਦਿੱਤਾ ਹੈ।ਸਰਕਾਰ ਦਾਵਾ ਕਰ ਰਹੀ ਹੈ ਕਿ ਮਹਿੰਗਾਈ ਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਲੋਕਾਂ ਨੂੰ ਭਰੋਸਾ ਹੀ ਦੇ ਰਹੀ ਹੈ। ਸਬਜ਼ੀਆਂ ਤੇ ਦਾਲਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਪ੍ਰਚੂਨ ਮਹਿੰਗਾਈ ਪਿਛਲੇ 6 ਸਾਲਾਂ ਵਿਚ ਸਭ ਤੋਂ ਵੱਧ ਹੋ ਗਈ ਹੈ। ਸਰਕਾਰ ਨੂੰ ਜਲਦੀ ਹੀ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਸੋਚ ਵਿਚਾਰਨਾ ਚਾਹੀਦਾ ਹੈ। ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਨਿਜਾਤ ਮਿਲ ਸਕੇ। ਕਿਉਂਕਿ ਮਹਿੰਗਾਈ ਦੀ ਮਾਰ ਆਮ ਆਦਮੀ ਤੇ ਬਹੁਤ ਜ਼ਿਆਦਾ ਪੈ ਰਹੀ ਹੈ।
– ਸੰਜੀਵ ਸਿੰਘ ਸੈਣੀ,
ਮੋਹਾਲੀ