
ਨਵੀਂ ਦਿੱਲੀ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਦੇਸ਼ ਭਰ ‘ਚ ਜੰਗੀ ਪੱਧਰ ‘ਤੇ ਟੀਕਾਕਰਨ ਮੁਹਿੰਮ ਦਾ ਤੀਜਾ ਗੇੜ ਵੀਰਵਾਰ ਮਤਲਬ 1 ਅਪ੍ਰੈਲ 2021 ਨੂੰ ਸ਼ੁਰੂ ਹੋਵੇਗਾ। ਇਸ ਗੇੜ ‘ਚ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦੀ ਉਮਰ 45 ਸਾਲ ਜਾਂ ਇਸ ਤੋਂ ਵੱਧ ਹੈ। ਦੱਸ ਦਈਏ ਕਿ ਪਹਿਲੇ ਗੇੜ ‘ਚ ਕੋਰੋਨਾ ਵਾਰੀਅਰਜ਼, ਫ਼ਰੰਟ ਲਾਈਨ ਵਰਕਰਾਂ ਅਤੇ ਦੂਜੇ ਗੇੜ ‘ਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ-19 ਟੀਕੇ ਦੀ ਖੁਰਾਕ ਦਿੱਤੀ ਜਾ ਰਹੀ ਸੀ। ਹਾਲਾਂਕਿ ਇਹ ਟੀਕਾ ਉਨ੍ਹਾਂ ਲੋਕਾਂ ਨੂੰ ਵੀ ਦਿੱਤਾ ਜਾ ਰਿਹਾ ਸੀ, ਜਿਨ੍ਹਾਂ ਦੀ ਉਮਰ 45 ਸਾਲ ਤੋਂ ਉੱਪਰ ਸੀ ਅਤੇ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ।
ਕੋਵਿਡ-19 ਟੀਕਾ 45 ਸਾਲ ਤੋਂ ਵੱਧ ਉਮਰ ਦੇ ਲੋਕਾਂ (ਸਿਹਤਮੰਦ ਅਤੇ ਗੈਰ-ਸਿਹਤਮੰਦ) ਨੂੰ ਦੇਣ ਦੀ ਮੁਹਿੰਮ ਦੇਸ਼ ਭਰ ‘ਚ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਟੀਕੇ ਦੀ ਖੁਰਾਕ ਲੈਣ ਲਈ ਪਹਿਲਾਂ ਤੋਂ ਬੁਕਿੰਗ ਜਾਂ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਜੇ ਕੋਈ ਆਨਲਾਈਨ ਅਰਜ਼ੀ ਨਹੀਂ ਦੇ ਸਕਦਾ ਤਾਂ ਉਹ ਦੁਪਹਿਰ 3 ਵਜੇ ਤੋਂ ਬਾਅਦ ਆਪਣੇ ਨਜ਼ਦੀਕੀ ਟੀਕਾਕਰਣ ਸੈਂਟਰ ਵਿਖੇ ਜਾ ਸਕਦੇ ਹਨ।
ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਕੋਵਿਡ-19 ਟੀਕੇ ਲਈ ਆਨਲਾਈਨ ਰਜਿਸਟ੍ਰੇਸ਼ਨ ਤੋਂ ਇਲਾਵਾ, ਆਫ਼ਲਾਈਨ ਰਜਿਸਟ੍ਰੇਸ਼ਨ ਆਪਸ਼ਨ ਵੀ ਰੱਖਿਆ ਗਿਆ ਹੈ। ਇਸ ਦੇ ਲਈ ਲੋਕਾਂ ਨੂੰ ਆਪਣੇ ਕਿਸੇ ਵੀ ਪਛਾਣ ਪੱਤਰ ਨਾਲ ਦੁਪਹਿਰ 3 ਵਜੇ ਤੋਂ ਬਾਅਦ ਨਜ਼ਦੀਕੀ ਟੀਕਾਕਰਨ ਕੇਂਦਰ ਜਾਣਾ ਪਵੇਗਾ। ਆਮ ਤੌਰ ‘ਤੇ ਰਜਿਸਟ੍ਰੇਸ਼ਨ ਆਧਾਰ ਕਾਰਡ ਅਤੇ ਵੋਟਰ ਆਈ.ਡੀ. ‘ਤੇ ਕੀਤੀ ਜਾਵੇਗੀ। ਪਰ ਜੇ ਇਨ੍ਹਾਂ ‘ਚੋਂ ਕੋਈ ਦਸਤਾਵੇਜ਼ ਨਹੀਂ ਹੈ ਤਾਂ ਤੁਸੀਂ ਆਪਣੀ ਬੈਂਕ ਪਾਸਬੁੱਕ, ਰਾਸ਼ਨ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ ਵੀ ਲਿਜਾ ਸਕਦੇ ਹੋ।