ਔਟਵਾ, 12 ਮਈ (ਵਿਸ਼ੇਸ਼ ਪ੍ਰਤੀਨਿਧ) : ਇਕ ਕਰੋੜ 10 ਲੱਖ ਕੈਨੇਡੀਅਨਜ਼ ਨੂੰ 5 ਜੁਲਾਈ ਤੋਂ ਗਰੌਸਰੀ ਰਿਆਇਤ ਦੇ ਰੂਪ ਵਿਚ ਇਕਮੁਸ਼ਤ ਰਕਮ ਮਿਲਣੀ ਸ਼ੁਰੂ ਹੋ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਐਲਾਨ ਬਿਲ ਸੀ-46 ਨੂੰ ਸ਼ਾਹੀ ਪ੍ਰਵਾਨਗੀ ਮਿਲਣ ਤੋਂ ਬਾਅਦ ਕੀਤਾ। ਉਨ੍ਹਾਂ ਕਿਹਾ ਕਿ ਲਿਬਰਲ ਸਰਕਾਰ ਲੋਕਾਂ ਦੀ ਜ਼ਿੰਦਗੀ ਸੌਖੀ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਕੌਸਟ ਆਫ਼ ਲਿਵਿੰਗ ਐਕਟ ਅਧੀਨ ਦੋ ਬੱਚਿਆਂ ਵਾਲੇ ਕੈਨੇਡੀਅਨ ਪਰਵਾਰ ਨੂੰ 467 ਡਾਲਰ ਤੱਕ ਦੀ ਰਕਮ ਮਿਲੇਗੀ ਜਦਕਿ ਇਕ ਬੱਚੇ ਵਾਲੀ ਸਿੰਗਲ ਮਦਰ 386 ਡਾਲਰ ਦੀ ਹੱਕਦਾਰ ਹੋਵੇਗੀ। ਇਸੇ ਤਰ੍ਹਾਂ ਬਗੈਰ ਬੱਚੇ ਵਾਲੇ ਸਿੰਗਲ ਕੈਨੇਡੀਅਨ 234 ਡਾਲਰ ਦੇ ਹੱਕਦਾਰ ਹੋਣਗੇ। ਦੂਜੇ ਪਾਸੇ ਬਜ਼ੁਰਗਾਂ ਨੂੰ ਔਸਤ ਆਧਾਰ ’ਤੇ 225 ਡਾਲਰ ਮਿਲਣਗੇ ਅਤੇ ਇਹ ਰਕਮ ਸਿੱਧੀ ਬੈਂਕ ਖਾਤਿਆਂ ਵਿਚ ਪਹੁੰਚੇਗੀ ਜਾਂ ਕੈਨੇਡਾ ਰੈਵੇਨਿਊ ਏਜੰਸੀ ਵੱਲੋਂ ਭੇਜੇ ਚੈਕ ਭੇਜੇ ਜਾਣਗੇ।