10 ਅਪ੍ਰੈਲ ਤਕ 95% ਰੇਲ ਗੱਡੀਆਂ ਸ਼ੁਰੂ ਹੋ ਸਕਦੀਆਂ ਹਨ, ਰੇਲਵੇ ਕਰ ਰਿਹੈ ਤਿਆਰੀ

ਨਵੀਂ ਦਿੱਲੀ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਰੇਲਵੇ ਨੇ 10 ਅਪ੍ਰੈਲ ਤਕ 95 ਫ਼ੀਸਦੀ ਪੁਰਾਣੀਆਂ ਰੇਲ ਗੱਡੀਆਂ ਦੀ ਆਵਾਜਾਈ ਦੁਬਾਰਾ ਸ਼ੁਰੂ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਰੇਲਵੇ ਬੋਰਡ ਦੀ ਬੈਠਕ ‘ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਕੋਵਿਡ-19 ਤੋਂ ਪਹਿਲਾਂ ਜਿਹੜੀਆਂ ਰੇਲ ਗੱਡੀਆਂ ਚੱਲ ਰਹੀਆਂ ਸਨ, ਉਨ੍ਹਾਂ ‘ਚੋਂ 95 ਫ਼ੀਸਦੀ ਟਰੇਨਾਂ ਨੂੰ 10 ਅਪ੍ਰੈਲ ਤਕ ਮੁੜ ਚਲਾਇਆ ਜਾਵੇ।
ਇਸ ਮੀਟਿੰਗ ‘ਚ ਵਿਭਾਗ ਦੇ ਪ੍ਰਮੁੱਖ ਕਾਰਜਕਾਰੀ ਡਾਇਰੈਕਟਰ, ਮਤਲਬ ਟਰੇਨਾਂ ਲਈ ਕੋਚ ਉਪਲੱਬਧ ਕਰਵਾਉਣ ਵਾਲੇ ਵਿਭਾਗ ਦੇ ਮੁਖੀ, ਨੇ ਕਿਹਾ ਕਿ ਇਨ੍ਹਾਂ ਰੇਲ ਗੱਡੀਆਂ ਨੂੰ ਚਲਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾਣ। ਇਸ ਦੇ ਲਈ ਸਾਰੇ ਜ਼ੋਨਲ ਰੇਲਵੇ ਨੂੰ ਵੀ ਜਾਣੂ ਕਰ ਦਿੱਤਾ ਗਿਆ ਹੈ। ਨਾਲ ਹੀ ਜ਼ੋਨਲ ਰੇਲਵੇ ਨੂੰ ਰੇਲ ਗੱਡੀਆਂ ਚਲਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ ਕਿ ਇਸ ਨਾਲ ਮਾਲ ਗੱਡੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਦਰਅਸਲ, ਰੇਲਵੇ ਲਈ ਮਾਲ ਗੱਡੀਆਂ ਕਮਾਈ ਦਾ ਇੱਕ ਵੱਡਾ ਜ਼ਰੀਆ ਹਨ। ਕੋਰੋਨਾ ਕਾਰਨ ਬਹੁਤੀਆਂ ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਰੇਲਵੇ ਦੀਆਂ ਮਾਲ ਗੱਡੀਆਂ ਲਗਭਗ 2 ਗੁਣਾ ਰਫ਼ਤਾਰ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਮਾਲ ਗੱਡੀਆਂ ਦੀ ਗਤੀ 23 kmph ਤੋਂ 46 kmph ਤਕ ਵੱਧ ਗਈ ਹੈ। ਇਸ ਤੋਂ ਇਲਾਵਾ ਇਸ ਸਾਲ ਰੇਲਵੇ ਨੇ ਰਿਕਾਰਡ ਮਾਲ ਢੁਆਈ ਵੀ ਕੀਤੀ ਹੈ। ਅਜਿਹੇ ‘ਚ ਮੇਲ ਐਕਸਪ੍ਰੈਸ ਜਾਂ ਪੈਸੰਜਰ ਰੇਲ ਗੱਡੀਆਂ ਦੇ ਚੱਲਣ ਕਾਰਨ ਰੇਲਵੇ ‘ਚ ਮਾਲ ਢੁਆਈ ‘ਤੇ ਪ੍ਰਭਾਵ ਪੈਣ ਦੀ ਸੰਭਾਵਨਾ ਹੈ।
ਰੇਲਵੇ ਸੂਤਰਾਂ ਅਨੁਸਾਰ ਜੋ ਰੇਲ ਗੱਡੀਆਂ 10 ਅਪ੍ਰੈਲ ਤਕ ਚਲਾਈਆਂ ਜਾਣਗੀਆਂ, ਉਨ੍ਹਾਂ ‘ਚ ਮੇਲ ਐਕਸਪ੍ਰੈਸ ਟਰੇਨਾਂ ਵੀ ਸ਼ਾਮਲ ਹੋਣਗੀਆਂ ਅਤੇ ਜ਼ੋਨਲ ਰੇਲਵੇ ਦੀ ਮੰਗ ਅਨੁਸਾਰ ਯਾਤਰੀ ਰੇਲ ਗੱਡੀਆਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਇਹ ਸਾਰੀਆਂ ਰੇਲ ਗੱਡੀਆਂ ਕੋਰੋਨਾ ਨਿਯਮਾਂ ਤਹਿਤ ਚਲਾਈਆਂ ਜਾਣਗੀਆਂ।
ਜੇ ਲਗਭਗ 95 ਫ਼ੀਸਦੀ ਰੇਲ ਗੱਡੀਆਂ ਪੁਰਾਣੇ ਰਸਤੇ ਦੇ ਅਨੁਸਾਰ ਸ਼ੁਰੂ ਹੋਣਗੀਆਂ ਤਾਂ ਯਾਤਰੀਆਂ ਨੂੰ ਕਾਫ਼ੀ ਸਹੂਲਤ ਮਿਲੇਗੀ ਅਤੇ ਯਾਤਰਾ ਦੇ ਖਰਚਿਆਂ ਤੇ ਸਮੇਂ ਦੋਹਾਂ ਦੀ ਬਚਤ ਹੋਵੇਗੀ। ਇਸ ਦੇ ਨਾਲ ਹੀ ਯਾਤਰਾ ਲਈ ਸਾਧਨਾਂ ਦੀ ਉਪਲੱਬਧਤਾ ਵੀ ਵਧੇਗੀ।

Video Ad
Video Ad