
ਮੁੰਬਈ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਮੁੰਬਈ ਦੇ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾਏ ਗਏ ਪਰਮਬੀਰ ਸਿੰਘ ਨੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਉੱਤੇ ਲਗਾਏ ਗਏ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧ ‘ਚ ਉਨ੍ਹਾਂ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖ਼ਲ ਕੀਤੀ ਹੈ। ਪਰਮਬੀਰ ਸਿੰਘ ਨੇ ਹਾਲ ਹੀ ‘ਚ ਮੁੱਖ ਮੰਤਰੀ ਊਧਵ ਠਾਕਰੇ ਨੂੰ ਇੱਕ ਚਿੱਠੀ ਲਿਖਿਆ ਸੀ। ਇਸ ‘ਚ ਕਿਹਾ ਗਿਆ ਹੈ ਕਿ ਸਹਾਇਕ ਪੁਲਿਸ ਇੰਸਪੈਕਟਰ (ਏਪੀਆਈ) ਸਚਿਨ ਵਾਜੇ ਨੂੰ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀ ਸਰਪ੍ਰਸਤੀ ਮਿਲੀ ਹੋਈ ਸੀ ਅਤੇ ਉਸ ਨੂੰ ਹਰ ਮਹੀਨੇ 100 ਕਰੋੜ ਰੁਪਏ ਜਮਾਂ ਕਰਨ ਲਈ ਕਿਹਾ ਗਿਆ ਸੀ।
ਪਰਮਬੀਰ ਸਿੰਘ ਨੇ ਚਿੱਠੀ ‘ਚ ਇਹ ਵੀ ਕਿਹਾ ਹੈ ਕਿ ਆਪਣੀਆਂ ਗਲਤੀਆਂ ਨੂੰ ਲੁਕਾਉਣ ਲਈ ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਪਰਮਬੀਰ ਸਿੰਘ ਨੇ ਪਟੀਸ਼ਨ ‘ਚ ਆਪਣੇ ਦੋਸ਼ਾਂ ਨਾਲ ਜੁੜੇ ਕਈ ਸਬੂਤ ਵੀ ਸੁਪਰੀਮ ਕੋਰਟ ‘ਚ ਸੌਂਪੇ ਹਨ। ਦੱਸਿਆ ਜਾ ਰਿਹਾ ਹੈ ਕਿ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਮਨਜ਼ੂਰੀ ਦੇ ਦਿੱਤੀ ਹੈ।
ਪਰਮਬੀਰ ਨੇ ਚਿੱਠੀ ‘ਚ ਲਿਖਿਆ ਸੀ, “ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਸਚਿਨ ਵਾਜੇ ਨੂੰ ਆਪਣੇ ਸਰਕਾਰੀ ਬੰਗਲੇ ਗਿਆਨੇਸ਼ਵਰ ‘ਚ ਕਈ ਵਾਰ ਬੁਲਾਇਆ ਅਤੇ ਫੰਡ ਇਕੱਤਰ ਕਰਨ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਨੇ ਇਹ ਪੈਸਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਨਾਮ ‘ਤੇ ਜਮਾਂ ਕਰਵਾਉਣ ਲਈ ਕਿਹਾ ਸੀ। ਇਸ ਦੌਰਾਨ ਉਨ੍ਹਾਂ ਦੇ ਨਿੱਜੀ ਸੱਕਤਰ ਮਿਸਟਰ ਪਾਂਡੇ ਵੀ ਉੱਥੇ ਮੌਜੂਦ ਰਹਿੰਦੇ ਸਨ। ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਸਚਿਨ ਵਾਜੇ ਨੂੰ ਹਰ ਮਹੀਨੇ 100 ਕਰੋੜ ਰੁਪਏ ਜਮਾਂ ਕਰਨ ਦਾ ਟੀਚਾ ਦਿੱਤਾ ਸੀ।”
ਪਰਮਬੀਰ ਸਿੰਘ ਨੇ ਲਿਖਿਆ, “ਮੈਂ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਐਨਸੀਪੀ ਦੇ ਮੁਖੀ ਸ਼ਰਦ ਪਵਾਰ ਨੂੰ ਵੀ ਇਸ ਮਾਮਲੇ ਬਾਰੇ ਦੱਸਿਆ ਹੈ। ਮੇਰੇ ਨਾਲ ਜੋ ਵੀ ਹੋਇਆ ਜਾਂ ਗਲਤ ਹੋਇਆ ਤਾਂ ਉਸ ਦੀ ਮੈਂ ਸ਼ਰਦ ਪਵਾਰ ਨੂੰ ਜਾਣਕਾਰੀ ਦਿੱਤੀ ਸੀ।”