ਭੋਪਾਲ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਮੱਧ ਪ੍ਰਦੇਸ਼ ਦੇ ਇੰਦੌਰ-ਇੱਛਾਪੁਰ ਹਾਈਵੇਅ ‘ਤੇ 11 ਸਾਲਾ ਬੱਚੀ ਤਮੰਨਾ ਦੀ ਗਰਦਨ ਵੱਢੀ ਗਈ। ਇਹ ਘਟਨਾ ਖੰਡਵਾ ਜ਼ਿਲ੍ਹੇ ‘ਚ ਦੇਸ਼ਗਾਓਂ ਚੌਕੀ ਦੇ ਰੋਸ਼ੀਆ ਫਾਟੇ ਨੇੜੇ ਵਾਪਰੀ। ਬੱਸ ‘ਚ ਬੈਠੀ ਬੱਚੀ ਨੇ ਉਲਟੀ ਕਰਨ ਲਈ ਆਪਣੀ ਗਰਦਨ ਖਿੜਕੀ ਵਿਚੋਂ ਬਾਹਰ ਕੱਢੀ ਸੀ। ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਦੀ ਲਪੇਟ ‘ਚ ਆਉਣ ਕਾਰਨ ਉਸ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੇਸ਼ਗਾਓਂ ਚੌਕੀ ਇੰਚਾਰਜ ਰਮੇਸ਼ ਗਵਲੇ ਨੇ ਦੱਸਿਆ ਕਿ ਪ੍ਰਭਾਤ ਸਰਵਿਸ ਕੰਪਨੀ ਦੀ ਬੱਸ ਮੰਗਲਵਾਰ ਸਵੇਰੇ ਲਗਭਗ 8 ਵਜੇ ਖੰਡਵਾ ਤੋਂ ਚਲੀ ਸੀ ਅਤੇ ਲਗਭਗ 9 ਵਜੇ ਰੋਸ਼ੀਆ ਫਾਟੇ ਤੋਂ ਪਹਿਲਾਂ ਕਸ਼ਮੀਰੀ ਨਾਲੇ ਕੋਲ ਪਹੁੰਚੀ ਸੀ ਕਿ ਸਾਹਮਣੇ ਤੋਂ ਆ ਰਿਹਾ ਟਰੱਕ ਨਾਲੇ ਉੱਪਰ ਬੱਸ ਨੂੰ ਕਰਾਸ ਕਰ ਰਿਹਾ ਸੀ। ਇਸ ਦੌਰਾਨ ਤਮੰਨਾ, ਜੋ ਬੱਸ ‘ਚ ਡਰਾਈਵਰ ਦੀ ਸੀਟ ਦੇ ਪਿੱਛੇ ਬੈਠੀ ਸੀ, ਦਾ ਸਿਰ ਖਿੜਕੀ ਤੋਂ ਬਾਹਰ ਸੀ। ਇਸ ਕਾਰਨ ਲੜਕੀ ਦਾ ਸਿਰ ਧੜ ਤੋਂ ਵੱਖ ਹੋ ਗਿਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ। ਇਸ ਮਾਮਲੇ ‘ਚ ਪੁਲਿਸ ਨੇ ਟਰੱਕ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਟਰੱਕ ਨੂੰ ਜ਼ਬਤ ਕਰ ਲਿਆ ਹੈ।
ਮ੍ਰਿਤਕ ਬੱਚੀ ਦੀ ਚਾਚੀ ਨੇ ਦੱਸਿਆ ਕਿ ਤਮੰਨਾ ਆਪਣੀ ਮਾਂ ਅਤੇ ਵੱਡੀ ਭੈਣ ਨਾਲ ਮਾਸੀ ਦੇ ਵਿਆਹ ‘ਚ ਸ਼ਾਮਲ ਹੋਣ ਲਈ ਬੜਵਾਹ ਜਾ ਰਹੀ ਸੀ। ਤਮੰਨਾ ਦਾ ਪਰਿਵਾਰ ਖੰਡਵਾ ਦੀ ਬੰਗਾਲੀ ਕਾਲੋਨੀ ‘ਚ ਰਹਿੰਦਾ ਹੈ। ਤਮੰਨਾ ਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ। ਤਮੰਨਾ ਦਾ ਪਿਤਾ ਹੈਦਰ ਮੰਡੀ ‘ਚ ਮਜ਼ਦੂਰੀ ਕਰਦਾ ਹੈ, ਜਦਕਿ ਮਾਂ ਲੋਕਾਂ ਦੇ ਘਰਾਂ ‘ਚ ਝਾੜੂ-ਪੋਚਾ ਕਰਦੀ ਹੈ।

