ਲੰਡਨ, 26 ਮਈ, ਹ.ਬ. : 18ਵੀਂ ਸਦੀ ’ਚ ਬਣੀ ਟੀਪੂ ਸੁਲਤਾਨ ਦੀ ਤਲਵਾਰ ਲੰਡਨ ’ਚ 143 ਕਰੋੜ ਰੁਪਏ ’ਚ ਵਿਕ ਗਈ ਹੈ। ਇਹ ਜਾਣਕਾਰੀ ਨਿਲਾਮੀ ਘਰ ਬੋਨਹਮਸ ਨੇ ਦਿੱਤੀ ਹੈ। ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਨਿਲਾਮੀ ਤੋਂ ਮਿਲੀ ਰਕਮ ਉਮੀਦ ਨਾਲੋਂ ਸੱਤ ਗੁਣਾ ਵੱਧ ਹੈ। ਇਸ ਦੇ ਨਾਲ ਹੀ ਇਹ ਤਲਵਾਰ ਹੁਣ ਤੱਕ ਵਿਕਣ ਵਾਲੀ ਸਭ ਤੋਂ ਮਹਿੰਗੀ ਭਾਰਤੀ ਅਤੇ ਇਸਲਾਮਿਕ ਵਸਤੂ ਬਣ ਗਈ ਹੈ।
ਨਿਲਾਮੀ ਘਰ ਦੀ ਸਾਈਟ ਦੇ ਅਨੁਸਾਰ, ਤਲਵਾਰ ਨੂੰ ਟੀਪੂ ਦੇ ਬੈਡਰੂਮ ਤੋਂ ਉਸ ਦੀ ਹਾਰ ਤੋਂ ਬਾਅਦ ਬਰਾਮਦ ਕੀਤਾ ਗਿਆ ਸੀ। ਇਹ ਤਲਵਾਰ ਟੀਪੂ ਸੁਲਤਾਨ ਦੇ ਮਹੱਤਵਪੂਰਨ ਹਥਿਆਰਾਂ ਵਿੱਚ ਸ਼ਾਮਲ ਸੀ। ਇਸ ਦੇ ਹੈਂਡਲ ’ਤੇ ਸੋਨੇ ਨਾਲ ‘ਸ਼ਾਸਕ ਦੀ ਤਲਵਾਰ’ ਲਿਖਿਆ ਹੋਇਆ ਹੈ।
ਟੀਪੂ ਦੀ ਤਲਵਾਰ ਮੁਗਲ ਹਥਿਆਰ ਨਿਰਮਾਤਾਵਾਂ ਨੇ ਜਰਮਨ ਬਲੇਡ ਦੇਖ ਕੇ ਬਣਾਈ ਸੀ। ਇਸ ਨੂੰ 16ਵੀਂ ਸਦੀ ਵਿੱਚ ਭਾਰਤ ਭੇਜਿਆ ਗਿਆ ਸੀ। ਤਲਵਾਰ ਦੇ ਹੈਂਡਲ ਉੱਤੇ ਇਹ ਸ਼ਬਦ ਸੋਨੇ ਨਾਲ ਉੱਕਰੇ ਹੋਏ ਹਨ। ਇਸ ਵਿਚ ਪਰਮਾਤਮਾ ਦੇ ਪੰਜ ਗੁਣਾਂ ਦਾ ਵਰਣਨ ਕੀਤਾ ਗਿਆ ਹੈ। ਨਿਲਾਮੀ ਘਰ ਦੀ ਨੀਮਾ ਸਾਗਰਚੀ ਨੇ ਦੱਸਿਆ ਕਿ ਨਿਲਾਮੀ ਦੌਰਾਨ ਤਲਵਾਰ ਖਰੀਦਣ ਲਈ ਲੋਕਾਂ ਵਿੱਚ ਕਾਫੀ ਮੁਕਾਬਲਾ ਹੋਇਆ।