
ਚੰਡੀਗੜ੍ਹ, 15 ਫ਼ਰਵਰੀ, ਹ.ਬ. : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੌਜੂਦਾ ਮਾਹੌਲ ਦੇ ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸਾਰੀ ਪਾਰਟੀਆਂ ਅਤੇ ਨੇਤਾਵਾਂ ਦੀ ਨਜ਼ਰਾਂ ਡੇਰਾ ਮੁਖੀ ਰਾਮ ਰਹੀਮ ਦੇ ਐਲਾਨ ’ਤੇ ਟਿਕੀ ਹੈ। ਬੀਤੀ ਹਰ ਚੋਣ ਵਿਚ ਡੇਰਾ ਮੁਖੀ ਦਾ ਐਲਾਨ ਜਿੱਤ ਹਾਰ ਦੀ ਖੇਡ ਵਿਚ ਵੱਡਾ ਬਦਲਾਅ ਲਿਆਉਂਦਾ ਰਿਹਾ ਹੈ।
ਡੇਰਾ ਸੱਚਾ ਸੌਦਾ ਇਸ ਵਾਰ 18 ਫਰਵਰੀ ਦੀ ਸ਼ਾਮ ਨੁੂੰ ਇਹ ਐਲਾਨ ਕਰ ਸਕਦਾ ਹੈ ਕਿ ਇਸ ਵਾਰ ਡੇਰਾ ਪ੍ਰੇਮੀ ਕਿਸ ਸਿਆਸੀ ਪਾਰਟੀ ਦਾ ਸਮਰਥਨ ਕਰਨ। ਇਸ ਵਾਰ ਇਹ ਐਲਾਨ ਜਨਤਕ ਤੌਰ ’ਤੇ ਨਾ ਹੋ ਕੇ ਸਿਰਫ ਡੇਰਾ ਪ੍ਰੇਮੀਆਂ ਤੱਕ ਸੰਦੇਸ਼ ਦੇ ਰੂਪ ਵਿਚ ਪਹੁੰਚੇਗਾ। ਦੱਸਣਯੋਗ ਹੈ ਕਿ 2017 ਦੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਡੇਰਾ ਸੱਚਾ ਸੌਦਾ ਨੇ ਸ਼੍ਰੋਅਦ-ਭਾਜਪਾ ਗਠਜੋੜ ਦਾ ਸਮਰਥਨ ਕੀਤਾ ਸੀ। ਇਸ ਦੇ ਚਲਦਿਆਂ ਤੇਜ਼ੀ ਨਾਲ ਅੱਗੇ ਵਧਦੀ ਆਮ ਆਦਮੀ ਪਾਰਟੀ ਨੁੂੰ ਨੁਕਸਾਨ ਝੱਲਣਾ ਪੈ ਸਕਦਾ ਹੈ।
ਡੇਰਾ ਕਾਰਕੁਨਾਂ ਅਨੁਸਾਰ ਡੇਰੇ ਦਾ ਸਿਆਸੀ ਵਿੰਗ 18 ਫਰਵਰੀ ਦੀ ਸ਼ਾਮ ਨੂੰ ਡੇਰਾ ਮੁਖੀ ਦੇ ਫੈਸਲੇ ਨੂੰ ਡੇਰਾ ਪ੍ਰੇਮੀਆਂ ਤੱਕ ਪਹੁੰਚਾ ਸਕਦਾ ਹੈ। ਦੱਸਣਯੋਗ ਹੈ ਕਿ 18 ਫਰਵਰੀ ਦੀ ਸ਼ਾਮ ਨੂੰ ਹੀ ਪੰਜਾਬ ਵਿਚ ਚੋਣ ਪ੍ਰਚਾਰ ਰੁਕ ਜਾਵੇਗਾ ਅਤੇ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਡੇਰੇ ਵਲੋਂ ਫਿਲਹਾਲ ਪੰਜਾਬ ਵਿਚ ਸਾਰੇ ਜ਼ਿਲ੍ਹਿਆਂ ਵਿਚ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਸਰਵੇ ਕਰਕੇ ਅਪਣੀ ਰਿਪੋਰਟ ਸਿਆਸੀ ਵਿੰਗ ਨੂੰ ਸੌਂਪੇਗੀ। ਇਸ ਤੋਂ ਇਲਾਵਾ ਵਿੰਗ ਨੇ ਮੀਡੀਆ ਦੀ ਖ਼ਬਰਾਂ ਦੇ ਆਧਾਰ ’ਤੇ ਵੀ ਇੱਕ ਰਿਪੋਰਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।