ਪੋਰਟਲੈਂਡ, 4 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਪੋਰਟਲੈਂਡ ਸ਼ਹਿਰ ਵਿਚ ਦੋ ਪੰਜਾਬੀ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਕਤਲ ਕਰਨ ਵਾਲਾ ਵੀ ਪੰਜਾਬੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਦੋਹਾਂ ਭਰਾਵਾਂ ਦੀ ਸ਼ਨਾਖ਼ਤ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਬਿਧੀਪੁਰ ਦੇ ਦਿਲਰਾਜ ਸਿੰਘ ਦੀਪੀ ਅਤੇ ਗੋਰੇ ਵਜੋਂ ਕੀਤੀ ਗਈ ਹੈ। ਪੋਰਟਲੈਂਡ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ਸ਼ਹਿਰ ਦੇ ਦੱਖਣ-ਪੱਛਮੀ ਇਲਾਕੇ ਵਿਚ ਬਾਰਬਰ ਬੁਲੇਵਾਰਡ ਵਿਖੇ ਵਾਪਰੀ ਅਤੇ ਗੋਲੀਆਂ ਚਲਾਉਣ ਵਾਲੇ ਸ਼ਖਸ ਨੇ ਮੌਕੇ ਤੋਂ ਫਰਾਰ ਹੋਣ ਦਾ ਯਤਨ ਨਾ ਕੀਤਾ।