2 ਮਈ ਨੇੜੇ ਆਉਂਦੇ ਹੀ ਦੀਦੀ ਦੀ ਬੌਖਲਾਹਟ ਵਧੀ, ਬੰਗਾਲ ਦੇ ਲੋਕ ਜਵਾਬ ਦੇਣ ਲਈ ਤਿਆਰ ਹਨ : ਪੀਐਮ ਮੋਦੀ

ਨਵੀਂ ਦਿੱਲੀ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੱਛਮ ਬੰਗਾਲ ਵਿਧਾਨ ਸਭਾ ਚੋਣਾਂ ਲਈ ਦੂਜੇ ਗੇੜ ਦੀ ਵੋਟਿੰਗ ਪੂਰੀ ਹੋ ਗਈ ਹੈ। ਸੂਬੇ ‘ਚ ਸਿਆਸੀ ਪਾਰਾ ਬਿਲਕੁਲ ਗਰਮ ਹੈ। ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮ ਬੰਗਾਲ ਦੇ ਜ਼ਿਲ੍ਹਾ ਹਾਵੜਾ ਦੇ ਉਲਬੇੜੀਆ ਅਤੇ ਜੈਨਗਰ ‘ਚ ਦੋ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।
ਪੀਐਮ ਮੋਦੀ ਨੇ ਕਿਹਾ, “ਮੈਂ ਸੁਣਿਆ ਹੈ ਕਿ ਮਮਤਾ ਕਿਸੇ ਹੋਰ ਸੀਟ ਤੋਂ ਵੀ ਨਾਮਜ਼ਦਗੀ ਭਰਨ ਜਾ ਰਹੀ ਹੈ। ਪਹਿਲਾਂ ਉਨ੍ਹਾਂ ਨੇ ਨੰਦੀਗ੍ਰਾਮ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਅਤੇ ਨੰਦੀਗ੍ਰਾਮ ਦੇ ਲੋਕਾਂ ਨੇ ਉਨ੍ਹਾਂ ਨੂੰ ਜਵਾਬ ਦੇ ਦਿੱਤਾ। ਹੁਣ ਜੇ ਉਹ ਕਿਸੇ ਹੋਰ ਥਾਂ ਤੋਂ ਵੀ ਚੋਣ ਲੜਦੇ ਹਨ ਤਾਂ ਬੰਗਾਲ ਦੇ ਲੋਕ ਉਨ੍ਹਾਂ ਨੂੰ ਜਵਾਬ ਦੇਣ ਲਈ ਤਿਆਰ ਹਨ। ਨਤੀਜੇ ਵਾਲਾ ਦਿਨ 2 ਮਈ ਨੇੜੇ ਆਉਂਦੇ-ਆਉਂਦੇ ਦੀਦੀ ‘ਚ ਬੌਖਲਾਹਟ ਵੱਧ ਗਈ ਹੈ।”
ਨੰਦੀਗ੍ਰਾਮ ‘ਚ ਮਮਤਾ ਦੇ ਹੰਗਾਮੇ ਦੀ ਘਟਨਾ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਨੰਦੀਗ੍ਰਾਮ ‘ਚ ਜੋ ਹੋਇਆ ਸੀ, ਅਸੀਂ ਸਭ ਨੇ ਵੇਖਿਆ ਹੈ। ਇਹ ਸਾਬਤ ਕਰਦਾ ਹੈ ਕਿ ਮਮਤਾ ਬੈਨਰਜੀ ਨੇ ਹਾਰ ਮੰਨ ਲਈ ਹੈ। ਮੋਦੀ ਨੇ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਦੀਦੀ ਦੀ ਸਰਕਾਰ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ। ਇੱਥੇ ਲੋਕ ਹੋਰ ਇੰਤਜ਼ਾਰ ਕਰਨ ਦੇ ਮੂਡ ‘ਚ ਨਹੀਂ ਹਨ। ਉਨ੍ਹਾਂ ਕਿਹਾ, “ਦੀਦੀ ਮੈਨੂੰ ਕਦੇ ਟੂਰਿਸਟ ਅਤੇ ਕਦੇ ਬਾਹਰਲਾ ਕਹਿੰਦੀ ਹੈ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਘੁਸਪੈਠੀਆਂ ਨੂੰ ਪਨਾਹ ਦੇ ਕੇ ਭਾਰਤ ਮਾਤਾ ਦੇ ਬੱਚਿਆਂ ਨੂੰ ਬਾਹਰੀ ਕਿਉਂ ਕਹਿੰਦੀ ਹੈ?”
ਇਸ ਤੋਂ ਪਹਿਲਾਂ ਉਨ੍ਹਾਂ ਨੇ ਬੰਗਾਲ ਦੇ ਜੈਨਗਰ ‘ਚ ਰੈਲੀ ਕੀਤੀ। ਮੋਦੀ ਨੇ ਕਿਹਾ, “ਦੀਦੀ ਅਸੀਂ ਸੀਜ਼ਨਲ ਸੱਤਾ ਵਾਲੇ ਲੋਕ ਨਹੀਂ ਹਾਂ। ਦੀਦੀ ਦੀ ਸਮੱਸਿਆ ਕੀ ਹੈ, ਇਸ ਬਾਰੇ ਪੂਰਾ ਬੰਗਾਲ ਜਾਣਦਾ ਹੈ। 10 ਸਾਲ ‘ਚ ਕੀ ਕੀਤਾ, ਇਸ ਦਾ ਕੋਈ ਠੋਸ ਜਵਾਬ ਦੀਦੀ ਕੋਲ ਨਹੀਂ ਹੈ।”
ਪੀਐਮ ਮੋਦੀ ਨੇ ਕਿਹਾ, “ਮਮਤਾ ਦੀਦੀ ਨੂੰ ‘ਜੈ ਸ੍ਰੀ ਰਾਮ’ ਕਹਿਣ ਤੋਂ ਪ੍ਰੇਸ਼ਾਨੀ ਹੈ। ਇਹ ਪੂਰਾ ਬੰਗਾਲ ਪਹਿਲਾਂ ਹੀ ਜਾਣਦਾ ਹੈ। ਮਮਤਾ ਦੀਦੀ ਨੂੰ ਦੁਰਗਾ ਜੀ ਦੀ ਮੂਰਤੀ ਵਿਸਰਜਨ ਨਾਲ ਸਮੱਸਿਆ ਹੈ, ਇਹ ਵੀ ਪੂਰਾ ਬੰਗਾਲ ਜਾਣਦਾ ਹੈ। ਪਰ ਹੁਣ ਦੀਦੀ ਨੂੰ ਤਿਲਕ (ਟਿੱਕਾ) ਨਾਲ ਸਮੱਸਿਆ ਹੈ। ਦੀਦੀ ਨੂੰ ਹੁਣ ਭਗਵਾ ਕਪੜਿਆਂ ਤੋਂ ਸਮੱਸਿਆ ਹੈ।”
ਪ੍ਰਧਾਨ ਮੰਤਰੀ ਨੇ ਕਿਹਾ, “ਮਮਤਾ ਦੀਦੀ ਜਿਸ ਤਰ੍ਹਾਂ ਯੂਪੀ ਅਤੇ ਬਿਹਾਰ ਦੇ ਲੋਕਾਂ ਵਿਰੁੱਧ ਨਫ਼ਰਤੀ ਭਾਸ਼ਾ ਬੋਲ ਰਹੀ ਹੈ, ਉਹ ਉਨ੍ਹਾਂ ਦੀ ਸਿਆਸੀ ਸਮਝ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਦੀਦੀ, ਤੁਸੀਂ ਭੁੱਲ ਰਹੇ ਹੋ ਕਿ ਤੁਸੀਂ ਮੁੱਖ ਮੰਤਰੀ ਬਣਨ ਦੀ ਸਹੁੰ ਚੁੱਕੀ ਹੈ। ਭਾਰਤ ਦਾ ਸੰਵਿਧਾਨ ਤੁਹਾਨੂੰ ਇਸ ਤਰ੍ਹਾਂ ਦੂਜੇ ਸੂਬਿਆਂ ਦਾ ਅਪਮਾਨ ਕਰਨ ਦੀ ਮਨਜ਼ੂਰੀ ਨਹੀਂ ਦਿੰਦਾ ਹੈ।”
ਮੋਦੀ ਨੇ ਕਿਹਾ, “ਅਮਫ਼ਾਨ ਤੂਫ਼ਾਨ ਦੌਰਾਨ ਤੁਹਾਡੀ ਮਦਦ ਕਰਨ ਦੀ ਬਜਾਏ ਉਨ੍ਹਾਂ ਨੇ ਸਿਰਫ਼ ਤੁਹਾਨੂੰ ਲੁੱਟਿਆ। ਇਸ ਲੁੱਟ ਦਾ ਦੂਜਾ ਨਾਮ ਹੈ – ਖੇਲਾ ਹੋਬੇ। ਸੋਨਾਰ ਬੰਗਲਾ ਦੇ ਟੀਚੇ ਵਾਲੀ ਭਾਜਪਾ ਦੀ ਡਬਲ ਇੰਜਨ ਸਰਕਾਰ ਇੱਥੇ ਦੀ ਤਰੱਕੀ ਨੂੰ ਮਹੱਤਵ ਦੇਵੇਗੀ। ਤ੍ਰਿਣਮੂਲ ਦੀ ਤੋਲੇਬਾਜ਼ੀ ਨੇ ਗਰੀਬ, ਮੱਧ ਵਰਗ ਅਤੇ ਉੱਦਮੀਆਂ ਦਾ ਜੀਉਣਾ ਮੁਸ਼ਕਲ ਕਰ ਦਿੱਤਾ ਹੈ। ਨੌਕਰੀ, ਹੋਮ ਲੋਨ, ਸਿੱਖਿਆ, ਹਸਪਤਾਲ ‘ਚ ਦਾਖਲਾ, ਹਰ ਥਾਂ ਪੈਸਾ, ਰਿਸ਼ਵਤਖੋਰੀ ਜਾਰੀ ਹੈ।”
ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ ਤਿੰਨ ਸਾਲਾਂ ‘ਚ ਦੇਸ਼ ਭਰ ‘ਚ ਕਿਸਾਨਾਂ ਦੇ ਖਾਤਿਆਂ ‘ਚ ਡਾਇਰੈਕਟ ਪੈਸੇ ਟਰਾਂਸਫ਼ਰ ਹੋਏ ਹਨ। ਕੇਂਦਰ ਸਰਕਾਰ ਦੀਦੀ ਤੋਂ ਕਿਸਾਨਾਂ ਦੇ ਅਕਾਊਂਟ ਨੰਬਰ ਮੰਗਦੀ ਰਹੀ, ਪਰ ਦੀਦੀ ਨੇ ਮਦਦ ਨਹੀਂ ਕੀਤੀ। ਇੰਜ ਜਾਪਦਾ ਹੈ, ਜਿਵੇਂ ਦੀਦੀ ਨੇ ਕਿਸਾਨਾਂ ਨੂੰ ਸਜ਼ਾ ਦੇਣ ਦਾ ਮਨ ਬਣਾ ਲਿਆ ਹੋਵੇ। ਅੱਜ ਜਦੋਂ ਮੈਂ ਬੰਗਾਲ ਦੀ ਧਰਤੀ ‘ਤੇ ਖੜ੍ਹਾ ਹਾਂ, ਮੈਂ ਇੱਥੇ ਦੇ ਕਿਸਾਨਾਂ ਨਾਲ ਵਾਅਦਾ ਕਰਦਾ ਹਾਂ ਕਿ ਜਿਵੇਂ ਹੀ 2 ਮਈ ਨੂੰ ਬੰਗਾਲ ‘ਚ ਭਾਜਪਾ ਦੀ ਸਰਕਾਰ ਬਣੇਗੀ, 18 ਹਜ਼ਾਰ ਰੁਪਏ ਕਿਸਾਨ ਦੇ ਖਾਤਿਆਂ ‘ਚ ਟਰਾਂਸਫ਼ਰ ਕਰ ਦਿੱਤੇ ਜਾਣਗੇ। ਅੱਜ ਦੀਦੀ ਤੁਹਾਡੇ ਇਸ ਅਧਿਕਾਰ ਅੱਗੇ ਕੰਧ ਬਣ ਕੇ ਖੜ੍ਹੀ ਹੈ।”

Video Ad
Video Ad