ਲੰਡਨ ਤੋਂ ਚੋਰੀ ਹੋਈ 2 ਕਰੋੜ ਦੀ ਲਗਜ਼ਰੀ ਕਾਰ

ਪਾਕਿਸਤਾਨ ਦੇ ਇੱਕ ਘਰ ’ਚੋਂ ਹੋਈ ਬਰਾਮਦ

Video Ad

ਯੂਰਪ ਦੇ ਸੀਨੀਅਰ ਡਿਪਲੋਮੈਟ ਦੇ ਦਸਤਾਵੇਜ਼ਾਂ ਦੀ ਹੋਈ ਵਰਤੋਂ

ਕਰਾਚੀ, 4 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕਾਰ ਚੋਰਾਂ ਦੇ ਹੌਸਲੇ ਇੰਨੇ ਵਧ ਚੁੱਕੇ ਨੇ ਉਨ੍ਹਾਂ ਨੇ ਬਰਤਾਨੀਆ ਦੀ ਰਾਜਧਾਨੀ ਲੰਡਨ ਤੋਂ ਇੱਕ ਮਹਿੰਗੀ ਕਾਰ ਚੋਰੀ ਕੀਤੀ ਅਤੇ ਇਸ ਨੂੰ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਪਹੁੰਚਾ ਦਿੱਤਾ। ਹਾਲਾਂਕਿ ਇਹ ਗੱਡੀ ਪੁਲਿਸ ਨੇ ਕਰਾਚੀ ਦੇ ਇੱਕ ਘਰ ਵਿੱਚੋਂ ਬਰਾਮਦ ਕਰ ਲਈ, ਪਰ ਚੋਰੀ ਦੀ ਇਸ ਇੰਟਰਨੈਸ਼ਨਲ ਵਾਰਦਾਤ ਨੂੰ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ।
ਕਰਾਚੀ ਦੇ ਕਸਟਮ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਰਤਾਨੀਆ ਦੀ ਖੁਫ਼ੀਆ ਏਜੰਸੀ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਸੀ ਕਿ ਲੰਡਨ ’ਚੋਂ ਚੋਰੀ ਹੋਈ ਬੈਂਟਲੇ ਮਲਸੈਨ ਗੱਡੀ ਕਰਾਚੀ ਦੇ ਇੱਕ ਘਰ ਵਿੱਚ ਹੋਣ ਦੀ ਸੂਹ ਮਿਲੀ ਐ।
ਇਸ ’ਤੇ ਪਾਕਿਸਤਾਨ ਦੇ ਕਸਟਮ ਵਿਭਾਗ ਨੇ ਕਰਾਚੀ ਦੇ ਡਿਫੈਂਸ ਹਾਊਸਿੰਗ ਅਥਾਰਟੀ ਇਲਾਕੇ ਵਿੱਚ ਪੈਂਦੇ ਇੱਕ ਘਰ ਵਿੱਚੋਂ ਇਹ ਲਗਜ਼ਰੀ ਗੱਡੀ ਬਰਾਮਦ ਕਰ ਲਈ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਕਿਸੇ ਵਿਅਕਤੀ ਤੋਂ ਇਹ ਗੱਡੀ ਖਰੀਦੀ ਸੀ। ਟਵਿੱਟਰ ’ਤੇ ਸ਼ੇਅਰ ਕੀਤੀ ਗਈ ਇੱਕ ਵੀਡੀਓ ਵਿੱਚ ਗਰੇ ਕਲਰ ਦੀ ਸ਼ਾਨਦਾਰ ਬੈਂਟਲੇ ਕਾਰ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਕੁਝ ਲੋਕ ਗੱਡੀ ਨੂੰ ਧੱਕਾ ਦਿੰਦੇ ਹੋਏ ਨਜ਼ਰ ਆ ਰਹੇ ਨੇ। ਅਧਿਕਾਰੀਆਂ ਨੇ ਇੱਕ ਹੋਰ ਘਰ ਵਿੱਚੋਂ ਬਗ਼ੈਰ ਲਾਇਸੰਸ ਹਥਿਆਰ ਵੀ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਐ। ਇਸ ਦੇ ਨਾਲ ਪਾਕਿਸਤਾਨੀ ਕਸਟਮ ਵਿਭਾਗ ਨੇ ਕਾਰ ਵੇਚਣ ਵਾਲੇ ਦਲਾਲ ਨੂੰ ਵੀ ਹਿਰਾਸਤ ਵਿੱਚ ਲੈ ਲਿਆ।

Video Ad