
ਮਨਿੰਦਰ ਧਾਲੀਵਾਲ ਅਤੇ ਸਤਿੰਦਰ ਗਿੱਲ ਵਜੋਂ ਹੋਈ ਸ਼ਨਾਖ਼ਤ
ਬ੍ਰਦਰਜ਼ ਕੀਪਰਜ਼ ਗਿਰੋਹ ਦਾ ਮੈਂਬਰ ਸੀ ਮਨਿੰਦਰ ਧਾਲੀਵਾਲ
ਵੈਨਕੂਵਰ, 25 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਚੱਲ ਰਹੀ ਗੈਂਗਵਾਰ ਦੌਰਾਨ ਦੋ ਪੰਜਾਬੀਆਂ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਬੀ.ਸੀ. ਦੇ ਵਿਸਲਰ ਵਿਖੇ ਐਤਵਾਰ ਨੂੰ ਗੋਲੀਬਾਰੀ ਦੌਰਾਨ ਮਾਰੇ ਗਏ ਦੋ ਜਣਿਆਂ ਦੀ ਸ਼ਨਾਖ਼ਤ ਬ੍ਰਦਰਜ਼ ਕੀਪਰਜ਼ ਗੈਂਗ ਦੇ ਮਨਿੰਦਰ ਧਾਲੀਵਾਲ ਅਤੇ ਉਸ ਦੇ ਦੋਸਤ ਸਤਿੰਦਰ ਗਿੱਲ ਵਜੋਂ ਕੀਤੀ ਗਈ ਹੈ ਜਿਸ ਦਾ ਜੁਰਮ ਦੀ ਦੁਨੀਆਂ ਨਾਲ ਕੋਈ ਵਾਹ-ਵਾਸਤਾ ਨਹੀਂ ਸੀ।
ਉਧਰ ਪੁਲਿਸ ਨੇ ਗੋਲੀਬਾਰੀ ਦੇ ਇਸ ਮਾਮਲੇ ਵਿਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਵਿਸਲਰ ਦੇ ਸਨਡਾਇਲ ਹੋਟਲ ਵਿਚ ਐਤਵਾਰ ਦੁਪਹਿਰ ਤਕਰੀਬਨ 12.15 ਵਜੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਸੀ ਅਤੇ ਮੌਕੇ ’ਤੇ ਪੁੱਜੇ ਅਫ਼ਸਰਾਂ ਨੂੰ ਦੋ ਜਣੇ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲੇ।
ਇਨ੍ਹਾਂ ਵਿਚੋਂ 29 ਸਾਲ ਦੇ ਮਨਿੰਦਰ ਸਿੰਘ ਧਾਲੀਵਾਲ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ ਜਦਕਿ ਸਤਿੰਦਰ ਗਿੱਲ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਗੋਲੀਬਾਰੀ ਵਾਲੀ ਥਾਂ ਤੋਂ ਕੁਝ ਦੂਰੀ ਇਕ ਸੜਦੀ ਹੋਈ ਕਾਰ ਵੀ ਮਿਲੀ ਜੋ ਸੰਭਾਵਤ ਤੌਰ ’ਤੇ ਕਾਤਲਾਂ ਵੱਲੋਂ ਵਰਤੀ ਗਈ। ਖੂਨ ਵਿਚ ਲਥਪਥ ਮਨਿੰਦਰ ਧਾਲੀਵਾਲ ਅਤੇ ਸਤਿੰਦਰ ਗਿੱਲ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।