3 ਹੈਂਡ ਗਰਨੇਡ ਸਣੇ ਦੋ ਖਾੜਕੂ ਗ੍ਰਿਫਤਾਰ

ਅੰਮ੍ਰਿਤਸਰ, 17 ਨਵੰਬਰ, ਹ.ਬ. : ਅੰਮ੍ਰਿਤਸਰ ਪੁਲਿਸ ਵੱਲੋਂ ਦੋ ਮੁਲਜ਼ਮਾਂ ਨੂੰ ਹੈਂਡ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ, ਜਿਨ੍ਹਾਂ ਕੋਲੋਂ ਇਕ ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ। ਪੁਲਿਸ ਮੁਤਾਬਕ ਇਨ੍ਹਾਂ ਵਿਚੋਂ ਇਕ ਨੌਜਵਾਨ ਦਾ ਨਾਮ ਪ੍ਰਕਾਸ਼ ਸਿੰਘ ਅਤੇ ਦੂਜੇ ਦਾ ਨਾਮ ਅੰਗਰੇਜ਼ ਸਿੰਘ ਹੈ ਅਤੇ ਇਹ ਦੋਵੇਂ ਜਣੇ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਅਤੇ ਅੰਮ੍ਰਿਤਸਰ ਤੋਂ ਪਠਾਨਕੋਟ ਵੱਲ ਜਾ ਰਹੇ ਸੀ। ਇਕ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਨਾਕਾ ਲਗਾ ਕੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅੰਗਰੇਜ਼ ਸਿੰਘ ਦੇ ਪਰਿਵਾਰ ਨੂੰ ਜਿਵੇਂ ਹੀ ਇਹ ਖ਼ਬਰ ਮਿਲੀ ਤਾਂ ਉਸ ਦੀ ਮਾਂ ਅਤੇ ਨਵ ਵਿਆਹੀ ਪਤਨੀ ਅੰਮ੍ਰਿਤਸਰ ਪਹੁੰਚ ਗਏ। ਅੰਗਰੇਜ਼ ਸਿੰਘ ਦੀ ਪਤਨੀ ਨੇ ਆਖਿਆ ਕਿ ਉਸ ਦੇ ਪਤੀ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਲਈ ਆਇਆ ਸੀ, ਪੁਲਿਸ ਨੇ ਉਸ ਨੂੰ ਨਾਜਾਇਜ਼ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਇਹ ਵੀ ਆਖਿਆ ਕਿ ਜੇਕਰ ਪੁਲਿਸ ਨੇ ਉਸ ਦੇ ਪਤੀ ਨੂੰ ਨਾ ਛੱਡਿਆ ਤਾਂ ਉਹ ਇੱਥੇ ਹੀ ਆਪਣੀ ਜਾਨ ਦੇ ਦੇਵੇਗੀ। ਉਧਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਵਾਂ ਕੋਲੋਂ ਪੁਲਿਸ ਨੇ ਤਿੰਨ ਹੈਂਡ ਗ੍ਰਨੇਡ ਤੋਂ ਇਲਾਵਾ ਇਕ ਮੋਟਰਸਾਇਕਲ ਅਤੇ ਇਕ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮੰਨਿਆ ਜਾ ਰਿਹਾ ਕਿ ਇਹ ਦੋਵੇਂ ਮੁਲਜ਼ਮ ਗ੍ਰਨੇਡ ਨੂੰ ਪਾਕਿਸਤਾਨ ਤੋਂ ਮਿਲੀ ਲੋਕੇਸ਼ਨ ਤੋਂ ਉਠਾ ਕੇ ਅੱਗੇ ਡਿਲੀਵਰ ਕਰਨ ਦੀ ਤਿਆਰੀ ਵਿਚ ਸਨ ਪਰ ਇਸ ਤੋਂ ਪਹਿਲਾਂ ਹੀ ਇਹ ਫੜੇ ਗਏ।

Video Ad
Video Ad