Home ਤਾਜ਼ਾ ਖਬਰਾਂ 5 ਦਿਨ ਬਾਅਦ ਨਕਸਲੀਆਂ ਨੇ ਜਵਾਨ ਰਾਕੇਸ਼ਵਰ ਸਿੰਘ ਨੂੰ ਛੱਡਿਆ

5 ਦਿਨ ਬਾਅਦ ਨਕਸਲੀਆਂ ਨੇ ਜਵਾਨ ਰਾਕੇਸ਼ਵਰ ਸਿੰਘ ਨੂੰ ਛੱਡਿਆ

0
5 ਦਿਨ ਬਾਅਦ ਨਕਸਲੀਆਂ ਨੇ ਜਵਾਨ ਰਾਕੇਸ਼ਵਰ ਸਿੰਘ ਨੂੰ ਛੱਡਿਆ

ਨਵੀਂ ਦਿੱਲੀ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਛੱਤੀਸਗੜ੍ਹ ਦੇ ਜ਼ਿਲ੍ਹਾ ਬੀਜਾਪੁਰ ‘ਚ ਬੀਤੀ 3 ਅਪ੍ਰੈਲ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲੇ ਤੋਂ ਬਾਅਦ ਅਗਵਾ ਕੀਤੇ ਗਏ ਜਵਾਨ ਰਾਕੇਸ਼ਵਰ ਸਿੰਘ ਨੂੰ ਨਕਸਲੀਆਂ ਨੇ ਰਿਹਾਅ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ਵਰ ਸਿੰਘ ਇਸ ਸਮੇਂ ਜ਼ਿਲ੍ਹਾ ਬੀਜਾਪੁਰ ਦੇ ਤਰੇਮ ‘ਚ 168ਵੀਂ ਬਟਾਲੀਅਨ ਦੇ ਕੈਂਪ ‘ਚ ਹੈ। ਉਸ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਰਾਕੇਸ਼ਵਰ ਸਿੰਘ ਨੂੰ ਕਦੋਂ ਅਤੇ ਕਿਹੜੀ ਸ਼ਰਤ ‘ਤੇ ਛੱਡਿਆ ਗਿਆ, ਇਸ ਦਾ ਖੁਲਾਸਾ ਨਹੀਂ ਹੋਇਆ ਹੈ।

ਪੁਲਿਸ ਅਤੇ ਨਕਸਲੀਆਂ ਵਿਚਕਾਰ ਬੀਤੀ 3 ਅਪ੍ਰੈਲ ਨੂੰ ਹੋਏ ਮੁਕਾਬਲੇ ‘ਚ 23 ਜਵਾਨ ਸ਼ਹੀਦ ਹੋ ਗਏ ਸਨ। ਨਕਸਲੀਆਂ ਨੇ ਆਪਣੇ 5 ਸਾਥੀਆਂ ਦੇ ਮਾਰੇ ਜਾਣ ਦੀ ਗੱਲ ਕਬੂਲੀ ਹੈ। ਮੁਕਾਬਲੇ ਦੌਰਾਨ ਨਕਸਲੀਆਂ ਨੇ ਸੀਆਰਪੀਐਫ ਦੇ ਕੋਬਰਾ ਕਮਾਂਡੋ ਰਾਕੇਸ਼ਵਰ ਸਿੰਘ ਨੂੰ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਮਾਓਵਾਦੀ ਬੁਲਾਰੇ ਨੇ ਮੰਗਲਵਾਰ ਨੂੰ ਇਕ ਚਿੱਠੀ ਜਾਰੀ ਕੀਤਾ ਸੀ ਅਤੇ ਕਿਹਾ ਸੀ ਕਿ ਪਹਿਲਾਂ ਸਰਕਾਰ ਨੂੰ ਗੱਲਬਾਤ ਲਈ ਵਿਚੋਲੇ ਦੇ ਨਾਮ ਦੀ ਘੋਸ਼ਣਾ ਕਰਨੀ ਚਾਹੀਦੀ ਹੈ, ਜਿਸ ਤੋਂ ਬਾਅਦ ਹੀ ਜਵਾਨ ਨੂੰ ਛੱਡਿਆ ਜਾਵੇਗਾ।

ਨਕਸਲੀਆਂ ਦੀ ਮੰਗ ਤੋਂ ਬਾਅਦ ਸਰਕਾਰ ਨੇ ਵਿਚੋਲਿਆਂ ਦੇ ਨਾਮ ਜਾਰੀ ਕੀਤੇ ਜਾਂ ਨਹੀਂ, ਇਹ ਸਪੱਸ਼ਟ ਨਹੀਂ ਹੈ। ਕਿਉਂਕਿ ਵਿਚੋਲਿਆਂ ਦੇ ਨਾਮ ਜਨਤਕ ਨਹੀਂ ਕੀਤੇ ਗਏ ਸਨ। ਇਸੇ ਕਾਰਨ ਇਹ ਸਪੱਸ਼ਟ ਨਹੀਂ ਹੈ ਕਿ ਸਰਕਾਰ ਨੇ ਨਕਸਲੀਆਂ ਦੀਆਂ ਕਿਹੜੀਆਂ ਮੰਗਾਂ ਪੂਰੀਆਂ ਕਰਕੇ ਰਾਕੇਸ਼ਵਰ ਸਿੰਘ ਨੂੰ ਰਿਹਾਅ ਕਰਵਾਇਆ ਹੈ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਜ਼ਿਲ੍ਹਾ ਬਸਤਰ ਤੋਂ ਸਮਾਜਿਕ ਕਾਰਕੁਨ ਸੋਨੀ ਸੋਰੀ ਕੁਝ ਲੋਕਾਂ ਨਾਲ ਮੁਕਾਬਲੇ ਵਾਲੀ ਥਾਂ ਜੋਨਾਗੁਡਾ ਪਹੁੰਚੀ ਸੀ। ਸੋਨੀ ਨੇ ਕਿਹਾ ਸੀ ਕਿ ਉਹ ਨਕਸਲੀਆਂ ਨੂੰ ਅਪੀਲ ਕਰਨ ਜਾ ਰਹੀ ਹੈ ਕਿ ਉਹ ਜਵਾਨ ਨੂੰ ਰਿਹਾਅ ਕਰ ਦੇਣ। ਬੁੱਧਵਾਰ ਨੂੰ ਉਹ ਨਕਸਲੀ ਆਗੂਆਂ ਨੂੰ ਮਿਲਣ ਲਈ ਜੰਗਲ ਦੇ ਅੰਦਰ ਵੀ ਗਈ ਸੀ। ਅਜੇ ਇਹ ਪਤਾ ਨਹੀਂ ਲੱਗਿਆ ਹੈ ਕਿ ਉਸ ਦੀ ਨਕਸਲੀਆਂ ਨਾਲ ਮੁਲਾਕਾਤ ਹੋਈ ਸੀ ਜਾਂ ਨਹੀ।

ਪਤਨੀ ਨੇ ਪੀਐਮ ਮੋਦੀ ਨੂੰ ਆਪਣੇ ਪਤੀ ਨੂੰ ਲਿਆਉਣ ਦੀ ਅਪੀਲ ਕੀਤੀ ਸੀ
ਕੋਬਰਾ ਫ਼ੋਰਸ ਦੇ ਕਮਾਂਡੋ ਰਾਕੇਸ਼ਵਰ ਸਿੰਘ ਦਾ ਪਰਿਵਾਰ ਜੰਮੂ ਦੇ ਨੇਤਰਕੋਟੀ ਪਿੰਡ ‘ਚ ਰਹਿੰਦਾ ਹੈ। ਉਹ ਸੁਰੱਖਿਆ ਬਲਾਂ ਦੀ ਉਸ ਟੀਮ ‘ਚ ਸ਼ਾਮਲ ਸੀ, ਜੋ ਬੀਜਾਪੁਰ-ਸੁਕਮਾ ਜੰਗਲਾਂ ‘ਚ ਨਕਸਲੀਆਂ ਦੇ ਖਾਤਮੇ ਲਈ ਗਿਆ ਸੀ। ਰਾਕੇਸ਼ਵਰ ਸਾਲ 2011 ਤੋਂ ਸੀਆਰਪੀਐਫ ‘ਚ ਹੈ। ਉਸ ਦੀ ਤਿੰਨ ਮਹੀਨੇ ਪਹਿਲਾਂ ਛੱਤੀਸਗੜ੍ਹ ‘ਚ ਤਾਇਨਾਤੀ ਹੋਈ ਸੀ। ਰਾਕੇਸ਼ਵਰ ਦੀ ਸੁਰੱਖਿਅਤ ਘਰ ਵਾਪਸੀ ਲਈ ਉਸ ਦੀ ਪਤਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਗ੍ਰਹਿ ਮੰਤਰੀ ਨੂੰ ਕਿਸੇ ਵੀ ਕੀਮਤ ‘ਤੇ ਉਸ ਦੇ ਪਤੀ ਨੂੰ ਨਕਸਲੀਆਂ ਦੇ ਚੁੰਗਲ ਤੋਂ ਰਿਹਾਅ ਕਰਵਾਉਣਾ ਚਾਹੀਦਾ ਹੈ।