ਉਨਟਾਰੀਓ ’ਚ 5 ਲੱਖ ਲੋਕਾਂ ਦਾ ਮੁਫ਼ਤ ਇਲਾਜ ਹੋ ਸਕਦੈ ਬੰਦ

ਬਗੈਰ ਸਿਹਤ ਬੀਮੇ ਵਾਲਿਆਂ ਨੂੰ ਮਹਾਂਮਾਰੀ ਦੌਰਾਨ ਦਿਤੀ ਗਈ ਸੀ ਸਹੂਲਤ

Video Ad

ਡਾਕਟਰਾਂ ਨੇ ਸੂਬਾ ਸਰਕਾਰ ਨੂੰ ਸਹੂਲਤ ਜਾਰੀ ਰੱਖਣ ਦੀ ਅਪੀਲ ਕੀਤੀ

ਟੋਰਾਂਟੋ, 29 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਹਜ਼ਾਰਾਂ ਕੱਚੇ ਪ੍ਰਵਾਸੀਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਮਹਾਂਮਾਰੀ ਦੌਰਾਨ ਮਿਲੀ ਮੁਫ਼ਤ ਇਲਾਜ ਦੀ ਸਹੂਲਤ ਜਲਦ ਖ਼ਤਮ ਕੀਤੀ ਜਾ ਸਕਦੀ ਹੈ।
ਦੂਜੇ ਪਾਸੇ ਹੈਲਥ ਕੇਅਰ ਪ੍ਰੋਵਾਈਡਰਜ਼ ਨੇ ਸੂਬਾ ਸਰਕਾਰ ਇਹ ਸਹੂਲਤ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਜਿਸ ਤਹਿਤ ਬਗੈਰ ਸਿਹਤ ਬੀਮੇ ਵਾਲੇ ਲੋਕਾਂ ਨੂੰ ਹਸਪਤਾਲਾਂ ਵਿਚ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਉਨਟਾਰੀਓ ਵਿਚ ਤਕਰੀਬਨ 5 ਲੱਖ ਲੋਕ ਬਗੈਰ ਸਿਹਤ ਬੀਮੇ ਤੋਂ ਰਹਿ ਰਹੇ ਹਨ ਜਿਨ੍ਹਾਂ ਵਿਚ ਨਵੇਂ ਪ੍ਰਵਾਸੀ, ਆਰਜ਼ੀ ਵਿਦੇਸ਼ੀ ਕਾਮੇ ਅਤੇ ਕੌਮਾਂਤਰੀ ਵਿਦਿਆਰਥੀਆਂ ਸ਼ਾਮਲ ਹਨ।
ਮਹਾਂਮਾਰੀ ਸ਼ੁਰੂ ਹੋਣ ਮਗਰੋਂ ਉਨਟਾਰੀਓ ਸਰਕਾਰ ਨੇ ਬਗੈਰ ਸਿਹਤ ਬੀਮੇ ਵਾਲੇ ਲੋਕਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਸੀ ਪਰ ਉਸ ਵੇਲੇ ਸ਼ੁਰੂ ਹੋਈਆਂ ਜ਼ਿਆਦਾਤਰ ਯੋਜਨਾਵਾਂ ਬੰਦ ਹੋ ਚੁੱਕੀਆਂ ਅਤੇ ਮੁਫ਼ਤ ਇਲਾਜ ਵਾਲੀ ਸਹੂਲਤ ਵੀ ਬੰਦ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਟੋਰਾਂਟੋ ਦੀ ਫ਼ੈਮਿਲੀ ਡਾਕਟਰ ਰਿਤਿਕਾ ਗੋਇਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਦਰਜਨਾਂ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੀ ਜਿਨ੍ਹਾਂ ਕੋਲ ਸਿਹਤ ਬੀਮਾ ਨਹੀਂ ਸੀ। ਸਾਧਾਰਣ ਹਾਲਾਤ ਵਿਚ ਉਨ੍ਹਾਂ ਇਲਾਜ ਵਾਸਤੇ ਮੋਟੀ ਰਕਮ ਖਰਚ ਕਰਨੀ ਪੈਂਦੀ ਜੋ ਜ਼ਿਆਦਾਤਰ ਦੇ ਵਸ ਦੀ ਗੱਲ ਨਹੀਂ ਸੀ।
ਡਾ. ਰਿਤਿਕਾ ਗੋਇਲ ਹੈਲਥ ਪ੍ਰੋਫ਼ੈਸ਼ਨਲਜ਼ ਅਤੇ ਕਮਿਊਨਿਟੀ ਜਥੇਬੰਦੀਆਂ ਦੇ ਉਸ ਗਠਜੋੜ ਦੀ ਮੈਂਬਰ ਹੈ ਜੋ ਸੂਬਾ ਸਰਕਾਰ ਨੂੰ ਇਹ ਸਹੂਲਤ ਪੱਕੇ ਤੌਰ ’ਤੇ ਲਾਗੂ ਕਰਨ ਦੀ ਅਪੀਲ ਕਰ ਰਹੀ ਹੈ।

Video Ad