Home ਭਾਰਤ 55 ਲੱਖ ਰੁਪਏ ਦੀ ਚੋਰੀ ਦੇ ਮਾਮਲੇ ‘ਚ ਚੋਣ ਅਧਿਕਾਰੀ ਮੁਅੱਤਲ

55 ਲੱਖ ਰੁਪਏ ਦੀ ਚੋਰੀ ਦੇ ਮਾਮਲੇ ‘ਚ ਚੋਣ ਅਧਿਕਾਰੀ ਮੁਅੱਤਲ

0
55 ਲੱਖ ਰੁਪਏ ਦੀ ਚੋਰੀ ਦੇ ਮਾਮਲੇ ‘ਚ ਚੋਣ ਅਧਿਕਾਰੀ ਮੁਅੱਤਲ

ਦਿਸਪੁਰ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅਸਾਮ ਦੇ ਬਾਰਪੇਟਾ ਜ਼ਿਲ੍ਹੇ ਦੇ ਚੋਣ ਅਧਿਕਾਰੀ ਸ਼ਸ਼ੀ ਕੁਮਾਰ ਡੇਕਾ ਨੂੰ ਉਨ੍ਹਾਂ ਦੇ ਦਫ਼ਤਰ ਦੇ ਚੈਂਬਰ ਤੋਂ 55 ਲੱਖ ਰੁਪਏ ਚੋਰੀ ਹੋਣ ਦੇ ਮਾਮਲੇ ‘ਚ ਮੁਅੱਤਲ ਕਰ ਦਿੱਤਾ ਗਿਆ ਹੈ। ਅਸਾਮ ਦੇ ਮੁੱਖ ਚੋਣ ਅਧਿਕਾਰੀ ਨਿਤਿਨ ਖਾਡੇ ਦੇ ਦਫ਼ਤਰ ਤੋਂ ਐਤਵਾਰ ਨੂੰ ਜਾਰੀ ਹੁਕਮ ਮੁਤਾਬਕ ਸ਼ਸ਼ੀ ਕੁਮਾਰ ਨੂੰ ਫ਼ੌਰੀ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਮੁਅੱਤਲੀ ਜਾਂਚ ਹੋਣ ਤਕ ਜਾਰੀ ਰਹੇਗੀ।

ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਗਾਇਤਰੀ ਸ਼ਰਮਾ ਨੂੰ ਬਾਰਪੇਟਾ ਚੋਣ ਅਧਿਕਾਰੀ ਦੀ ਜਵਾਬਦੇਹੀ ਸੌਂਪੀ ਗਈ ਹੈ। ਜ਼ਿਲ੍ਹੇ ‘ਚ 6 ਅਪ੍ਰੈਲ ਨੂੰ ਤੀਜੇ ਗੇੜ ਦੀ ਵੋਟਿੰਗ ਕਰਵਾਈ ਜਾਵੇਗੀ। ਬਾਰਪੇਟਾ ਜ਼ਿਲ੍ਹੇ ਦੇ ਚੋਣ ਅਧਿਕਾਰੀ ਦੇ ਦਫ਼ਤਰ ਤੋਂ 55 ਲੱਖ ਰੁਪਏ ਚੋਰੀ ਕੀਤੇ ਜਾਣ ਦੇ ਮਾਮਲੇ ‘ਚ ਐਤਵਾਰ ਨੂੰ ਕੰਪਿਊਟਰ ਆਪ੍ਰਰੇਟਰ ਅਲਾਕੇਸ਼ ਡੇਕਾ ਅਤੇ ਚੋਣ ਦਫ਼ਤਰ ‘ਚ ਸੀਨੀਅਰ ਸਹਾਇਕ ਪ੍ਰਾਂਜਲ ਕਾਕਤੀ ਨੂੰ ਰੁਪਏ ਚੋਰੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਰਗਰਮੀ ਵਰਤਦੇ ਹੋਏ ਪੁਲਿਸ ਨੇ ਜ਼ਿਲ੍ਹੇ ‘ਚ 5 ਵੱਖ-ਵੱਖ ਥਾਵਾਂ ਤੋਂ ਰੁਪਏ ਬਰਾਮਦ ਕਰ ਲਏ।

ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਦਫ਼ਤਰ ਤੋਂ ਰੁਪਏ ਚੋਰੀ ਹੋਣ ਦਾ ਪਤਾ ਲੱਗਿਆ ਸੀ। 2 ਅਪ੍ਰੈਲ ਨੂੰ ਨਿਕਾਸੀ ਕਰਨ ਤੋਂ ਬਾਅਦ ਅਧਿਕਾਰੀ ਦੇ ਚੈਂਬਰ ‘ਚ ਇਕ ਟਰੰਕ ‘ਚ ਰੁਪਏ ਰੱਖੇ ਗਏ ਸਨ। 6 ਅਪ੍ਰੈਲ ਨੂੰ ਵੋਟਿੰਗ ਕਾਰਜ ‘ਤੇ ਜਾਣ ਵਾਲੇ ਮੁਲਾਜ਼ਮਾਂ ਵਿਚਕਾਰ ਰੁਪਏ ਵੰਡੇ ਜਾਣੇ ਸਨ।