8 ਮਹੀਨੇ ਹੋਰ ਜਾਰੀ ਰਹੇਗਾ ਕਿਸਾਨ ਅੰਦੋਲਨ, 10 ਮਈ ਤੋਂ ਬਾਅਦ ਦੁਬਾਰਾ ਜ਼ੋਰ ਫੜੇਗਾ : ਰਾਕੇਸ਼ ਟਿਕੈਤ

ਨਵੀਂ ਦਿੱਲੀ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨ ਵਿਰੁੱਧ ਕਿਸਾਨਾਂ ਦਾ ਅੰਦੋਲਨ 8 ਮਹੀਨੇ ਹੋਰ ਜਾਰੀ ਰਹੇਗਾ। ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਵੀਰਵਾਰ ਨੂੰ ਕਿਹਾ ਕਿ ਅੰਦੋਲਨ ਨੂੰ 8 ਮਹੀਨੇ ਹੋਰ ਚੱਲਾਉਣਾ ਪਵੇਗਾ। ਕਿਸਾਨਾਂ ਨੂੰ ਅੰਦੋਲਨ ਤਾਂ ਕਰਨਾ ਹੀ ਪਵੇਗਾ। ਜੇਕਰ ਅੰਦੋਲਨ ਨਾ ਹੋਇਆ ਤਾਂ ਕਿਸਾਨਾਂ ਦੀ ਜ਼ਮੀਨ ਚਲੀ ਜਾਵੇਗੀ। ਕਿਸਾਨ ਆਪਣੀ ਕਣਕ ਦੀ ਫਸਲ 10 ਮਈ ਤਕ ਵੱਢ ਲੈਣਗੇ, ਜਿਸ ਤੋਂ ਬਾਅਦ ਅੰਦੋਲਨ ਹੋਰ ਤੇਜ਼ ਹੋਵੇਗਾ।
ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ 10 ਮਈ ਤਕ ਕਿਸਾਨ ਆਪਣੀ ਕਣਕ ਦੀ ਫਸਲ ਵੱਢ ਲੈਣਗੇ। ਇਸ ਤੋਂ ਬਾਅਦ ਅੰਦੋਲਨ ਨੂੰ ਤੇਜ਼ੀ ਮਿਲੇਗੀ। ਦੱਸ ਦੇਈਏ ਕਿ ਪਿਛਲੇ 4 ਮਹੀਨਿਆਂ ਤੋਂ ਵੱਧ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨਾਂ ਦੀ ਮੰਗ ਹੈ ਕਿ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਅਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਲਾਗੂ ਹੋਵੇ।

Video Ad

ਗੱਲਬਾਤ ‘ਚ ਕੋਈ ਹੱਲ ਨਹੀਂ ਨਿਕਲਿਆ
ਸਰਕਾਰ ਅਤੇ ਕਿਸਾਨਾਂ ਵਿਚਕਾਰ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਪਰ ਕੋਈ ਹੱਲ ਨਹੀਂ ਨਿਕਲਿਆ। ਕਿਸਾਨ ਇਸ ਗੱਲ ‘ਤੇ ਅੜੇ ਹੋਏ ਹਨ ਕਿ ਉਹ ਉਦੋਂ ਤਕ ਰੋਸ ਪ੍ਰਦਰਸ਼ਨ ਨੂੰ ਬੰਦ ਨਹੀਂ ਕਰਨਗੇ, ਜਦੋਂ ਤਕ ਖੇਤੀ ਕਾਨੂੰਨ ਪੂਰੀ ਤਰ੍ਹਾਂ ਵਾਪਸ ਨਹੀਂ ਲਿਆ ਜਾਂਦਾ ਅਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਰੰਟੀ ਨਹੀਂ ਮਿਲ ਜਾਂਦੀ।

‘ਮਈ ‘ਚ ਸੰਸਦ ਦਾ ਘਿਰਾਓ ਕਰਾਂਗੇ’
ਆਲ ਇੰਡੀਆ ਕਿਸਾਨ ਸਭਾ (ਏਆਈਕੇਐਸ) ਦੇ ਜਨਰਲ ਸਕੱਤਰ ਹਨਨ ਮੌਲ੍ਹਾ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਮਈ ‘ਚ ਲੱਖਾਂ ਪ੍ਰਦਰਸ਼ਨਕਾਰੀ ਸੰਸਦ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਤੇ ਸੰਸਦ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ, ਫਿਰ ਸਾਡਾ ਹੱਕ ਹੈ ਕਿ ਅਸੀਂ ਸੰਸਦ ਦੇ ਅੱਗੇ ਜਾ ਕੇ ਆਪਣੀ ਮੰਗ ਰੱਖੀਏ। ਅਸੀਂ ਇਸ ਦੇ ਲਈ ਮਈ ‘ਚ ਕੋਈ ਤਰੀਕ ਤੈਅ ਕਰਾਂਗੇ।

Video Ad