ਐਂਬੂਲੈਂਸ ’ਚੋਂ ਮਿਲੀ 8 ਕਿੱਲੋ ਅਫ਼ੀਮ

ਮੋਹਾਲੀ ਪੁਲਿਸ ਨੇ ਤਿੰਨ ਨਸ਼ਾ ਤਸਕਰ ਕੀਤੇ ਕਾਬੂ

Video Ad

ਦੱਪਰ ਟੋਲ ਪਲਾਜ਼ਾ ਨੇੜੇ ਫੜੀ ਗਈ ਐਂਬੂਲੈਂਸ

ਮੋਹਾਲੀ, 24 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਨਸ਼ਾ ਤਸਕਰ ਪੁਲਿਸ ਤੋਂ ਬਚਣ ਲਈ ਵੱਖ-ਵੱਖ ਢੰਗ ਅਪਣਾਉਂਦੇ ਨੇ, ਪਰ ਇੱਕ ਨਾ ਇੱਕ ਦਿਨ ਉਹ ਪੁਲਿਸ ਅੜਿੱਕੇ ਚੜ੍ਹ ਹੀ ਜਾਂਦੇ ਨੇ। ਤਾਜ਼ਾ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ਾ ਤਸਕਰਾਂ ਵੱਲੋਂ ਐਂਬੂਲੈਂਸ ਵਿੱਚ ਅਫ਼ੀਮ ਦੀ ਤਸਕਰੀ ਕੀਤੀ ਜਾ ਰਹੀ ਸੀ। ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਦੱਪਰ ਟੋਲ ਪਲਾਜ਼ਾ ਨੇੜੇ ਮੋਹਾਲੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ 8 ਕਿੱਲੋ ਅਫੀਮ ਬਰਾਮਦ ਹੋਈ।

ਮੋਹਾਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਐੱਸਪੀ (ਡੀ) ਅਮਨਦੀਪ ਸਿੰਘ ਬਰਾੜ ਅਤੇ ਡੀਐੱਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ ਮੋਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਆਗਵਾਈ ਵਾਲੀ ਟੀਮ ਨੇ ਅੰਬਾਲਾ-ਚੰਡੀਗੜ੍ਹ ਹਾਈਵੇਅ ਪਿੰਡ ਦੱਪਰ ਨੇੜੇ ਟੌਲ ਪਲਾਜ਼ਾ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਅੰਬਾਲਾ ਤੋਂ ਆ ਰਹੀ ਐਂਬੂਲੈਸ ਵੈਨ ਨੂੰ ਰੋਕ ਕੇ ਚੈਕਿੰਗ ਕੀਤੀ ਗਈ

ਐਂਬੂਲੈਂਸ ਵਿੱਚ ਇੱਕ ਵਿਅਕਤੀ ਮਰੀਜ਼ ਦੀ ਤਰ੍ਹਾਂ ਲੰਮਾ ਪਿਆ ਸੀ ਅਤੇ ਦੂਜਾ ਉਸ ਨਾਲ ਦੇਖਭਾਲ ਲਈ ਬੈਠਾ ਹੋਇਆ ਸੀ। ਐਂਬੂਲੈਂਸ ਵੈਨ ਵਿੱਚ ਮੈਡੀਕਲ ਟੀਮ ਦਾ ਮੈਂਬਰ ਨਾ ਹੋਣ ਕਰਕੇ ਅਤੇ ਨਾ ਹੀ ਕੋਈ ਐਂਬੂਲੈਸ ਵਿੱਚ ਆਕਸੀਜਨ ਸਿਲੰਡਰ, ਫਸਟ-ਏਡ ਕਿੱਟ ਸੀ। ਸ਼ੱਕ ਪੈਣ ’ਤੇ ਐਂਬੂਲੈਸ ਨੂੰ ਚੈਕ ਕਰਨ ’ਤੇ ਮਰੀਜ਼ ਬਣੇ ਵਿਅਕਤੀ ਦੇ ਸਿਰਹਾਣੇ ਦੀ ਤਲਾਸ਼ੀ ਕਰਨ ’ਤੇ ਉਸ ਵਿੱਚ 8 ਕਿੱਲੋ ਅਫੀਮ ਬਰਾਮਦ ਕੀਤੀ ਗਈ। ਚਾਲਕ ਸਮੇਤ ਤਿੰਨਾਂ ਵਿਅਕਤੀਆਂ ਖਿਲਾਫ਼ ਲਾਲੜੂ ਥਾਣੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਪਾ ਲਈ ਗਈ। ਐੱਸਐੱਸਪੀ ਸੋਨੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰਵੀ ਸ੍ਰੀਵਾਸਤਵ, ਹਰਿੰਦਰ ਸ਼ਰਮਾ ਤੇ ਅੰਕੁਸ਼ ਵਜੋਂ ਕੀਤੀ ਗਈ ਹੈ।

Video Ad