Home ਕੈਨੇਡਾ ਕੈਨੇਡਾ ’ਚ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਬਣੀ ਗਲੀ ਦਾ ਹੋਇਆ ਉਦਘਾਟਨ

ਕੈਨੇਡਾ ’ਚ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਬਣੀ ਗਲੀ ਦਾ ਹੋਇਆ ਉਦਘਾਟਨ

0
ਕੈਨੇਡਾ ’ਚ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਬਣੀ ਗਲੀ ਦਾ ਹੋਇਆ ਉਦਘਾਟਨ

ਸਰੀ ’ਚ ਲਾਇਆ ਗਿਆ ਯਾਦਗਾਰੀ ਗੁਰੂ ਨਾਨਕ ਵਿਲੇਜ ਵੇਅ ਸਟਰੀਟ ਸਾਈਨ
ਸਰੀ, 24 ਜੁਲਾਈ (ਹਮਦਰਦ ਨਿਊਜ਼ ਸਰਵਿਸ) :
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਸਿੱਖਾਂ ਲਈ ਖੁਸ਼ੀ ਦੀ ਖ਼ਬਰ ਆ ਰਹੀ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਬਣੀ ਗਲੀ ਦਾ ਉਦਘਾਟਨ ਕਰਦਿਆਂ ਸਰੀ ਸਿਟੀ ਕੌਂਸਲ ਵੱਲੋਂ ਕਲੋਵਰਡੇਲ ’ਚ ਯਾਦਗਾਰੀ ਗੁਰੂ ਨਾਨਕ ਵਿਲੇਜ ਵੇਅ ਸਟਰੀਟ ਦਾ ਸਾਈਨ ਲਗਾ ਦਿੱਤਾ ਗਿਆ ਐ।

ਸਿੱਖਾਂ ਦੀ ਸੰਘਣੀ ਆਬਾਦੀ ਵਾਲੇ ਸਰੀ ਸ਼ਹਿਰ ਵਿੱਚ ਲਾਇਆ ਗਿਆ ਇਹ ਸਾਈਨ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਹੈ। ਸਰੀ ਸਿਟੀ ਕੌਂਸਲ ਵੱਲੋਂ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (ਪੀ. ਆਈ. ਸੀ. ਐੱਸ.) ਸੋਸਾਇਟੀ ਦੀ ਬੇਨਤੀ ਨੂੰ ਮਨਜ਼ੂਰੀ ਦਿੰਦਿਆਂ 64 ਐਵੇਨਿਊ ਅਤੇ 175 ਸਟਰੀਟ ਦੇ ਕੋਨੇ ’ਤੇ ਇਹ ਸਾਈਨ ਲਗਾਇਆ ਗਿਆ।

ਪੀ. ਆਈ. ਸੀ. ਐੱਸ. ਦੇ ਪ੍ਰਧਾਨ ਅਤੇ ਸੀ.ਈ.ਓ. ਚੀਮਾ ਨੇ ਦੱਸਿਆ ਕਿ ਪੀਆਈਸੀਐਸ ਇਕ ਗੈਰ-ਮੁਨਾਫ਼ਾ ਕਮਿਊਨਿਟੀ-ਆਧਾਰਿਤ ਸੰਸਥਾ ਹੈ, ਜੋ ਕਿ ਸੀਨੀਅਰ ਨਾਗਰਿਕਾਂ ਨੂੰ ਦੇਖਭਾਲ ਸੇਵਾਵਾਂ ਅਤੇ ਰਿਹਾਇਸ਼ੀ ਪ੍ਰੋਗਰਾਮਾਂ ਵਰਗੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ।
ਚੀਮਾ ਨੇ ਕਿਹਾ ਕਿ ਸਰੀ ਦੀ ਮਿਊਂਸਪੈਲਿਟੀ ’ਚ 1 ਲੱਖ 4 ਹਜ਼ਾਰ 720 ਤੋਂ ਵੱਧ ਦੱਖਣੀ ਏਸ਼ੀਆਈ ਲੋਕ ਵਸਦੇ ਹਨ, ਇਸ ਗਲੀ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਰੱਖਣਾ ਨਾ ਸਿਰਫ਼ ਸਾਡੇ ਸ਼ਹਿਰ ਦੇ ਬਹੁ-ਸੱਭਿਆਚਾਰ ਨੂੰ ਦਰਸਾਉਂਦਾ ਹੈ, ਸਗੋਂ ਅਮੀਰ ਪੰਜਾਬੀ ਵਿਰਸੇ ਨੂੰ ਵੀ ਦਰਸਾਉਂਦਾ ਹੈ। ਇਹ ਸਾਡੀਆਂ ਘੱਟ ਗਿਣਤੀਆਂ, ਸਾਡੀਆਂ ਵਿਭਿੰਨ ਸੰਸਕ੍ਰਿਤੀਆਂ, ਭਾਈਚਾਰਿਆਂ ਦਾ ਉਤਸਵ ਹੈ।