ਏਅਰ ਕੈਨੇਡਾ ਜੁਲਾਈ ਤੇ ਅਗਸਤ ’ਚ ਘਟਾਏਗੀ ਫਲਾਈਟਸ

ਗਾਹਕ ਸੇਵਾ ’ਚ ਕਮੀ ਦੇ ਚਲਦਿਆਂ ਚੁੱਕੇਗੀ ਵੱਡਾ ਕਦਮ
ਔਟਵਾ, 30 ਜੂਨ (ਹਮਦਰਦ ਨਿਊਜ਼ ਸਰਵਿਸ) :
ਕੈਨੇਡਾ ਦੇ ਹਵਾਈ ਅੱਡਿਆਂ ’ਤੇ ਲੰਮੀਆਂ ਕਤਾਰਾਂ ਵਿੱਚ ਉਲਝ ਰਹੇ ਹਵਾਈ ਯਾਤਰੀਆਂ ਨੂੰ ਕਾਫ਼ੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਵਿਚਾਲੇ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਹਵਾਈ ਕੰਪਨੀਆਂ ਵਿੱਚ ਸ਼ਾਮਲ ਏਅਰ ਕੈਨੇਡਾ ਵੱਡਾ ਕਦਮ ਚੁੱਕਣ ਜਾ ਰਹੀ ਹੈ।
ਇਸ ਕੰਪਨੀ ਨੇ ਗਾਹਕ ਸੇਵਾ ਵਿੱਚ ਕਮੀ ਦੇ ਚਲਦਿਆਂ ਜੁੁਲਾਈ ਅਤੇ ਅਗਸਤ ਮਹੀਨੇ ਵਿੱਚ ਆਪਣੀਆਂ ਫਲਾਈਟਸ ਦੀ 15 ਫੀਸਦੀ ਗਿਣਤੀ ਘਟਾਉਣ ਦਾ ਫੈਸਲਾ ਲਿਆ ਹੈ।
ਏਅਰ ਕੈਨੇਡਾ ਦੇ ਪ੍ਰਧਾਨ ਮਾਈਕਲ ਰੂਸੋ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਹਾਂਮਾਰੀ ਦਾ ਖੌਫ਼ ਘਟਣ ਕਾਰਨ ਯਾਤਰੀਆਂ ਦੀ ਗਿਣਤੀ ਹਵਾਈ ਅੱਡਿਆਂ ’ਤੇ ਕਾਫ਼ੀ ਤੇਜ਼ ਨਾਲ ਵਧੀ ਐ। ਇਸ ਕਾਰਨ ਹਵਾਈ ਕੰਪਨੀਆਂ ਨੂੰ ਗਾਹਕ ਸੇਵਾ ਵਿੱਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਏਅਰ ਕੈਨੇਡਾ ਦੀਆਂ ਫਲਾਈਟਸ ਘਟਾਉਣ ਦਾ ਕੌੜਾ ਘੁੱਟ ਭਰਨਾ ਪੈ ਸਕਦਾ ਹੈ।
ਏਅਰ ਕੈਨੇਡਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਏਅਰ ਕੈਨੇਡਾ ਦੀਆਂ ਪ੍ਰਤੀ ਦਿਨ ਲਗਭਗ 154 ਫਲਾਈਟਸ ਘਟਾਈਆਂ ਜਾਣਗੀਆਂ। ਜਦਕਿ ਮੌਜੂਦਾ ਸਮੇਂ ਇਸ ਕੰਪਨੀਆਂ ਦੀਆਂ ਪ੍ਰਤੀ ਦਿਨ ਲਗਭਗ 1 ਹਜ਼ਾਰ ਫਲਾਈਟਸ ਚੱਲ ਰਹੀਆਂ ਨੇ।
ਫਲਾਈਟਸ ਘਟਾਉਣ ਦਾ ਸਭ ਤੋਂ ਜ਼ਿਆਦਾ ਅਸਰ ਟੋਰਾਂਟੋ ਅਤੇ ਮੌਂਟਰੀਅਲ ਦੇ ਏਅਰਪੋਰਟਸ ’ਤੇ ਆਉਣ-ਜਾਣ ਵਾਲੀਆਂ ਉਡਾਣਾਂ ’ਤੇ ਪਏਗਾ। ਨਵੀਆਂ ਤਬਦੀਲੀਆਂ ਨਾਲ ਇਨ੍ਹਾਂ ਫਲਾਈਟਸ ਦੀ ਫਰੀਕੁਐਂਸੀ ਘਟਾ ਦਿੱਤੀ ਜਾਵੇਗੀ। ਇਸ ਦਾ ਮੁਢਲੇ ਤੌਰ ’ਤੇ ਸ਼ਾਮ ਨੂੰ ਅਤੇ ਦੇਰ-ਰਾਤ ਚੱਲਣ ਵਾਲੇ ਹਵਾਈ ਕੰਪਨੀ ਦੇ ਛੋਟੇ ਜਹਾਜ਼ਾਂ ’ਤੇ ਜ਼ਿਆਦਾ ਅਸਰ ਪਏਗਾ।

Video Ad
Video Ad