‘ਜਿੰਦ ਮਾਹੀ’ ਨਾਲ ਮੁੜ ਸਰਗਰਮ ਹੋਇਆ ‘ਅਜੇ ਸਰਕਾਰੀਆ’

ਤਿੰਨ ਕੁ ਸਾਲ ਪਹਿਲਾਂ ਆਈ ਪੰਜਾਬੀ ਫ਼ਿਲਮ‘ ਅੜਬ ਮੁਟਿਆਰਾਂ’ ਨਾਲ ਬਤੌਰ ਨਾਇਕ ਪੰਜਾਬੀ ਪਰਦੇ ‘ਤੇ ਵੱਖਰੀ ਛਾਪ ਛੱਡਣ ਵਾਲਾ ਅਜੇ ਸਰਕਾਰੀਆ ਹੁਣ ਆਪਣੀ ਨਵੀਂ ਫ਼ਿਲਮ ‘ਜਿੰਦ ਮਾਹੀ’ ਨਾਲ ਮੁੜ ਪੰਜਾਬੀ ਪਰਦੇ ‘ਤੇ ਨਜ਼ਰ ਆਵੇਗਾ।, ਜਿਸ ਵਿੱਚ ਉਹ ਇੱਕ ਵਾਰ ਫ਼ਿਰ ਸੋਨਮ ਬਾਜਵਾ ਦਾ ਲਵਰ-ਹੀਰੋ ਬਣਕੇ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲੀ ਫ਼ਿਲਮ ਵਾਂਗ ‘ਜਿੰਦ ਮਾਹੀ’ ਵਿੱਚ ਵੀ ਉਸਦੀ ਨਾਇਕਾ ਸੋਨਮ ਬਾਜਵਾ ਹੀ ਹੈ।
ਖਾਸ ਗੱਲ ਕਿ ਇਸ ਫ਼ਿਲਮ ਵਿੱਚ ਸੋਨਮ ਬਾਜਵਾ ਦਾ ਪਹਿਲੀ ਫ਼ਿਲਮ ਵਾਲਾ ਅੰਦਾਜ਼ ਵੇਖਣ ਨੂੰ ਮਿਲੇਗਾ। ਭਾਵੇਂਕਿ ਇਸ ਫ਼ਿਲਮ ਦੀ ਜਿਆਦਾਤਰ ਸੂਟਿੰਗ ਯੂ ਕੇ ਵਿੱਚ ਹੋਈ ਹੈ ਪ੍ਰੰਤੂ ਫ਼ਿਲਮ ਵਿੱਚ ਮਾਝੇ ਤੇ ਦੁਆਬੇ ਦੀ ਠੇਠ ਬੋਲੀ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਤ ਕਰੇਗੀ। ਇਸ ਫ਼ਿਲਮ ਦੇ ਤਿੰਨ ਮੁੱਖ ਪਾਤਰ ਹਨ ਜਿੰਨ੍ਹਾਂ ਨੂੰ ਸੋਨਮ ਬਾਜਵਾ , ਅਜੇ ਸਰਕਾਰੀਆ ਤੇ ਗੁਰਨਾਮ ਭੁੱਲਰ ਨੇ ਨਿਭਾਇਆ ਹੈ। ਅਜੇ ਸਰਕਾਰੀਆ ਤੇ ਸੋਨਮ ਬਾਜਵਾ ਦੀ ਜੋੜੀ ਇੱਕ ਵਾਰ ਫ਼ਿਰ ਦਰਸ਼ਕਾਂ ਨੂੰ ਰੁਮਾਂਟਿਕ ਤੇ ਕਾਮੇਡੀ ਭਰੇ ਮਨੋਰੰਜਨ ਨਾਲ ਨਿਹਾਲ ਕਰੇਗੀ। ਫ਼ਿਲਮ ਬਾਰੇ ਗੱਲਬਾਤ ਕਰਦਿਆਂ ਅਜੇ ਸਰਕਾਰੀਆ ਨੇ ਕਿਹਾ ਕਿ ਇਸ ਫ਼ਿਲਮ ਦੀ ਕਹਾਣੀ ਅਜੋਕੀ ਨੋਜਵਾਨ ਪੀੜ੍ਹੀ ਅਧਾਰਤ ਹੈ ਜੋ ਆਪਣੀ ਜ਼ਿੰਦਗੀ ਬਿਨ੍ਹਾਂ ਕਿਸੇ ਦੇ ਦਖ਼ਲ ਅੰਦਾਜ਼ੀ, ਆਜ਼ਾਦ ਹੋ ਕੇ ਜਿਉਣਾ ਚਾਹੁੰਦੇ ਹਨ। ਇਹ ਇੱਕ ਕਾਮੇਡੀ ਭਰਪੂਰ ਲਵ ਸਟੋਰੀ ਹੈ ਜਿਸ ਵਿੱਚ ਦਰਸ਼ਕਾਂ ਨੂੰ ਮਨੋਰੰਜਨ ਦਾ ਹਰੇਕ ਰੰਗ ਨਜ਼ਰ ਆਵੇਗਾ।
ਫ਼ਿਲਮ ਵਿੱਚ ਉਸਨੇ ਹੈਰੀ ਨਾਂ ਦੇ ਅਜਿਹੇ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ ਜਿਸਦੀ ਜ਼ਿੰਦਗੀ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ। ਬੇਹੱਦ ਹੁਸੀਨ ਤੇ ਤਨਾਅ ਮੁਕਤ ਵਿਖਾਈ ਦੇਣ ਵਾਲੇ ਹੈਰੀ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰੀ ਪਈ ਹੈ। ਅਚਾਨਕ ਉਸਦੀ ਜਿੰਦਗੀ ਵਿੱਚ ਲਾਡੋ (ਸੋਨਮ ਬਾਜਵਾ) ਨਾਂ ਦੀ ਕੁੜੀ ਆਉਂਦੀ ਹੈ ਜੋ ਉਸਦੇ ਦੁੱਖਾਂ ਨੂੰ ਸਮਝਣ ਦਾ ਯਤਨ ਕਰਦੀ ਹੈ। ਅਜੇ ਸਰਕਾਰੀਆ ਨੇ ਦੱਸਿਆ ਕਿ ਉਹ ਨਿਰਦੇਸ਼ਕ ਬਣਨ ਦਾ ਸੁਪਨਾ ਲੈ ਕੇ ਫ਼ਿਲਮੀ ਖੇਤਰ ਵੱਲ ਆਇਆ ਸੀ ਪਰ ਉਸਦੇ ਇੱਕ ਨਿਰਦੇਸ਼ਕ ਦੋਸਤ ਨੇ ਉਸਨੂੰ ਹੀਰੋ ਬਣਨ ਦੀ ਸਲਾਹ ਦਿੱਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਦੀ ਪੜ੍ਹਾਈ ਕਰਨ ਵਾਲੇ ਅਜੇ ਨੇ ਨਿਊਯਾਰਕ ਦੇ ਇੱਕ ਨਾਮੀਂ ਐਕਟਿੰਗ ਸਕੂਲ ਤੋਂ ਅਦਾਕਾਰੀ ਦਾ ਡਿਪਲੋਮਾ ਕੀਤਾ। ਫ਼ਿਲਮ ਨਗਰੀ ਮੁੰਬਈ ‘ਚ ਪੈਰ ਧਰਦਿਆਂ ਉਸਨੇ ਅਨੇਕਾਂ ਐਡੀਸਨ ਦਿੱਤੇ। ਕੁਝ ਸੀਰੀਅਲਾਂ ਅਤੇ ਪ੍ਰਚਾਰੀ ਫ਼ਿਲਮਾਂ ਲਈ ਕੰਮ ਵੀ ਕੀਤਾ ਪਰ ਅਜੇ ਦਾ ਮਨ ਸੁਤੰਸਟ ਨਾ ਹੋਇਆ। ਫਿਰ ਅਚਾਨਕ ਉਸਦੀ ਮੁਲਾਕਾਤ ਨਿਰਮਾਤਾ ਗੁਨਬੀਰ ਸਿੰਘ ਨਾਲ ਹੋਈ ਤਾਂ ਉਨ੍ਹਾਂ ਆਪਣੀ ਨਵੀਂ ਬਣ ਰਹੀ ਫ਼ਿਲਮ ‘ਅੜਬ ਮੁਟਿਆਰਾਂ’ ਲਈ ਮੌਕਾ ਦਿੱਤਾ। ਇਸ ਫ਼ਿਲਮ ਵਿੱਚ ਉਸਦੀ ਸੋਨਮ ਬਾਜਵਾ ਨਾਲ ਐਸੀ ਜੋੜੀ ਬਣੀ ਕਿ ਉਸਦੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਪੈਰ ਲੱਗ ਗਏ। ਕਾਮੇਡੀ ਤੇ ਵਿਆਹ ਕਲਚਰ ਦੀਆਂ ਫ਼ਿਲਮਾਂ ਵਿੱਚ ਆਈ ਇਸ ਨਿਵੇਕਲੇ ਵਿਸ਼ੇ ਦੀ ਫ਼ਿਲਮ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ।
ਇਸ ਫ਼ਿਲਮ ਵਿੱਚ ਅਜੇ ਨੇ ਬਾਂਸਲ ਸਵੀਟਸ ਵਾਲੇ ਲਾਲਿਆਂ ਦੇ ਮੁੰਡੇ ਦਾ ਕਿਰਦਾਰ ਨਿਭਾਇਆ ਸੀ। ਅਜੇ ਦੀ ਮਾਸੂਮੀਅਤ ਭਰੀ ਅਦਾਕਾਰੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਪਹਿਲੀ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਹੁਣ ਅਜੇ ਸਰਕਾਰੀਆ ਤੇ ਸੋਨਮ ਬਾਜਵਾ ਦੀ ਨਵੀਂ ਫ਼ਿਲਮ ‘ਜਿੰਦ ਮਾਹੀ ’ਦਾ ਟਰੇਲਰ ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਯਕੀਨਣ ਇਹ ਫ਼ਿਲਮ ਅਜੇ ਸਰਕਾਰੀਆ ਨੂੰ ਨਾਮੀਂ ਕਲਾਕਾਰਾਂ ਦੀ ਕਤਾਰ ਵਿੱਚ ਲਿਆਵੇਗੀ। 5ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਤੇ ਮਨਮੋਡ ਸਿੰਘ ਸਿੱਧੂ ਹਨ। ਫ਼ਿਲਮ ਦਾ ਨਿਰਦੇਸ਼ਕ ਸੁਮੀਰ ਪੰਨੂ ਹੈ। ਫ਼ਿਲਮ ਵਿੱਚ ਸੋਨਮ ਬਾਜਵਾ, ਅਜੇ ਸਰਕਾਰੀਆ, ਗੁਰਨਾਮ ਭੁੱਲਰ, ਰਾਜ ਸ਼ੋਕਰ, ਬਨਿੰਦਰ ਬੰਨੀ, ਸਵਿੰਦਰ ਮਾਹਲ ਤੇ ਸੁੱਖੀ ਚਾਹਲ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਵਿਚਲੀ ਤਿਕੋਣੇ ਪਿਆਰ ਦੀ ਕਹਾਣੀ ਸੁਮੀਰ ਪੁੰਨੂ ਤੇ ਮਨਮੋਰਡ ਸਿੱਧੂ ਨੇ ਲਿਖੀ ਹੈ। ਅਜੇ ਸਰਕਾਰੀਆ ਭਵਿੱਖ ਵਿੱਚ ਆ ਰਹੀਆਂ ਫ਼ਿਲਮਾਂ ਲਈ ਪੂਰੀ ਤਰ੍ਹਾਂ ਸਰਗਰਮ ਹੈ।
-ਸੁਰਜੀਤ ਜੱਸਲ

Video Ad
Video Ad